ਵੈਨਕੂਵਰ: ਸੜਕ 'ਤੇ ਜਾਂਦਿਆਂ ਤੇਜ਼ ਰਫਤਾਰ ਤੋਂ ਬਾਅਦ ਤਕਰਾਰ ਦਾ ਮਾਮਲਾ ਹਿੰਸਕ ਰੂਪ ਅਖਤਿਆਰ ਕਰ ਗਿਆ। ਵੈਨਕੂਵਰ ਵਿਚ ਸ਼ੁੱਕਰਵਾਰ ਤੜਕੇ ਵਾਪਰੀ ਇਸ ਘਟਨਾ ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਮਹਿਲਾ ਦੇ ਸੱਟਾਂ ਲੱਗੀਆਂ ਹਨ।
ਦਰਅਸਲ ਪੁਲਿਸ ਨੂੰ ਆਇਰਨਵਰਕਰਸ ਮੈਮੋਰੀਅਲ ਬਰਿੱਜ ਨੇੜੇ ਬਰਿੱਜਵੇਅ ਸਟਰੀਟ 'ਤੇ ਤੜਕੇ ਕਰੀਬ 1.30 ਵਜੇ ਸੱਦਿਆ ਗਿਆ। ਪੁਲਿਸ ਨੂੰ ਮੌਕੇ ਤੋਂ ਇੱਕ ਸ਼ਖਸ ਦੀ ਲਾਸ਼ ਮਿਲੀ। ਮਾਰੇ ਗਏ ਸ਼ਖਸ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਪੀੜਤ ਦੇ ਨਾਲ ਇੱਕ ਮਹਿਲਾ ਵੀ ਬੈਠੀ ਸੀ, ਜਿਸਨੂੰ ਕਿ ਮਾਮੂਲੀ ਸੱਟਾਂ ਲੱਗਣ ਦੀਆਂ ਖਬਰਾਂ ਹਨ।
ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕਿ ਮੌਕੇ ਤੋਂ ਮਿਲੇ ਸਬੂਤ ਇਸ਼ਾਰਾ ਕਰਦੇ ਹਨ ਕਿ ਸੜਕ ਤੇ ਤੇਜ਼ ਰਫਤਾਰ ਤੋਂ ਬਾਅਦ ਆਪਸੀ ਤਕਰਾਰ ਦੌਰਾਨ ਗੁੱਸੇ ਚ ਇਹ ਕਤਲ ਦੀ ਵਾਰਦਾਤ ਹੋਈ ਹੈ। ਪੀੜਤ ਸ਼ਖਸ ਟਿਓਟਾ ਮੈਟ੍ਰਿਕਸ ਗੱਡੀ ਵਿਚ ਸਵਾਰ ਸੀ ਜਦਕਿ ਸ਼ੱਕੀ ਸਫੈਦ ਗੱਡੀ ਵਿਚ ਸਵਾਰ ਸੀ। ਫਿਲਹਾਲ ਇਸ ਮਾਮਲੇ ਵਿਚ ਕੋਈ ਗਿਰਫਤਾਰੀ ਨਹੀਂ ਹੋਈ ਹੈ।
ਪੀੜਤ ਦੀ ਪਛਾਣ ਵੀ ਸਾਂਝੀ ਨਹੀਂ ਕੀਤੀ ਗਈ ਹੈ। ਜਾਂਚ ਅਧਿਕਾਰੀਆਂ ਨੂੰ ਉਮੀਦ ਹੈ ਕਿ ਮੈਕਗਿਲ ਅਤੇ ਰੈਨਫਰਿਉ ਸਟ੍ਰੀਟਸ ਵਿਚਾਲੇ ਕਿਸੇ ਕੋਲ ਵਾਰਦਾਤ ਦੀ ਡੈਸ਼ਕੈਮ ਫੁਟੇਜ ਹੋਵੇਗੀ ਜਿਸ ਨਾਲ ਕਿ ਜਾਂਚ ਵਿਚ ਮਦਦ ਮਿਲ ਸਕੇ।