ਨਵੀਂ ਦਿੱਲੀ: ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅੱਜ 20 ਸਾਲ ਮਗਰੋਂ ਅਮਰੀਕਾ ਨੇ ਉਥੋਂ ਆਪਣੀਆਂ ਫ਼ੌਜਾਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾ ਲਿਆ ਹੈ। ਅਮਰੀਕਾ ਨੇ ਅਮਰੀਕੀ ਨਾਗਰਿਕਾਂ ਤੇ ਅਫ਼ਗਾਨ ਨਾਗਰਿਕਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਨੂੰ ਖਤਮ ਕਰਦਿਆਂ ਆਪਣੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਵੀ ਐਲਾਨ ਕੀਤਾ ਹੈ।


ਇਸ ਤੋਂ ਇਲਾਵਾ ਅਮਰੀਕਾ ਨੇ ਅਫ਼ਗਾਨਿਸਤਾਨ 'ਚ ਆਪਣੀ ਕੂਟਨੀਤਕ ਮੌਜੂਦਗੀ ਵੀ ਖਤਮ ਕਰ ਦਿੱਤੀ ਹੈ ਤੇ ਕਤਰ 'ਚ ਸ਼ਿਫ਼ਟ ਹੋ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਨਾ ਸਿਰਫ਼ ਅਫ਼ਗਾਨਿਸਤਾਨ ਨੂੰ ਸਗੋਂ ਜਾਪਾਨ ਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੂੰ ਸੁਰੱਖਿਆ ਦਿੰਦਾ ਹੈ। ਮਤਲਬ ਅਮਰੀਕੀ ਫੌਜੀ ਇਨ੍ਹਾਂ ਦੇਸ਼ਾਂ 'ਚ ਤਾਇਨਾਤ ਹਨ।


ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਅਮਰੀਕੀ ਫੌਜੀ ਨੌਰਥ ਅਟਲਾਂਟਿਕ ਟ੍ਰਿਟੀ ਆਰਗੇਨਾਈਜੇਸ਼ਨ (ਨਾਟੋ) ਦੇ ਕਈ ਮੈਂਬਰ ਦੇਸ਼ਾਂ 'ਚ ਤਾਇਨਾਤ ਹਨ। ਨਾਟੋ ਦੀ ਸਥਾਪਨਾ 4 ਅਪ੍ਰੈਲ 1949 ਨੂੰ ਸੋਵੀਅਤ ਯੂਨੀਅਨ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਅਮਰੀਕਾ, ਜਾਪਾਨ ਤੇ ਬ੍ਰਿਟੇਨ ਸਮੇਤ ਲਗਪਗ 29 ਦੇਸ਼ ਨਾਟੋ ਦੇ ਮੈਂਬਰ ਹਨ। ਇਨ੍ਹਾਂ ਦੇਸ਼ਾਂ ਦੀ ਆਪਸ 'ਚ ਰਾਜਨੀਤਕ ਤੇ ਫ਼ੌਜੀ ਭਾਈਵਾਲੀ ਹੈ।


ਜਰਮਨੀ 'ਚ ਜ਼ਿਆਦਾਤਰ ਅਮਰੀਕੀ ਫੌਜੀ


ਨਾਟੋ ਦੀ ਰਿਪੋਰਟ ਅਨੁਸਾਰ ਇਸ ਸਮੇਂ ਯੂਰਪੀਅਨ ਦੇਸ਼ਾਂ 'ਚ ਲਗਪਗ 60,000 ਅਮਰੀਕੀ ਫੌਜੀ ਤਾਇਨਾਤ ਹਨ। ਹਰ ਸਾਲ ਵੱਡੀ ਗਿਣਤੀ 'ਚ ਅਮਰੀਕੀ ਫ਼ੌਜੀ ਬਲਾਂ ਦੀ ਤਾਇਨਾਤੀ ਯੂਰਪ 'ਚ ਕੀਤੀ ਜਾਂਦੀ ਹੈ। ਯੂਰਪ ਦੀ ਗੱਲ ਕਰੀਏ ਤਾਂ ਇਸ ਵੇਲੇ ਜਰਮਨੀ 'ਚ ਸੱਭ ਤੋਂ ਵੱਧ 35 ਹਜ਼ਾਰ ਅਮਰੀਕੀ ਫੌਜੀ ਹਨ।


ਕਿਹੜੇ ਦੇਸ਼ਾਂ 'ਚ ਅਮਰੀਕੀ ਫੌਜਾਂ ਤਾਇਨਾਤ ਹਨ?


ਜਪਾਨ - 55 ਹਜ਼ਾਰ
ਜਰਮਨੀ - 35 ਹਜ਼ਾਰ
ਦੱਖਣੀ ਕੋਰੀਆ - 25 ਹਜ਼ਾਰ
ਇਟਲੀ - 12 ਹਜ਼ਾਰ
ਯੂਕੇ - 9 ਹਜ਼ਾਰ
ਗੁਆਮ - 5 ਹਜ਼ਾਰ
ਬਹਿਰੀਨ - 4 ਹਜ਼ਾਰ
ਸਪੇਨ - 3 ਹਜ਼ਾਰ
ਤੁਰਕੀ - 1 ਹਜ਼ਾਰ


ਅਫ਼ਗਾਨਿਸਤਾਨ ਦੀ ਸਥਿਤੀ ਨੇ ਇਨ੍ਹਾਂ ਦੇਸ਼ਾਂ ਦੀ ਚਿੰਤਾ ਵਧਾਈ


ਇਨ੍ਹਾਂ ਦੇਸ਼ਾਂ ਤੋਂ ਇਲਾਵਾ ਕੁਵੈਤ, ਇਰਾਕ, ਕਤਰ, ਤੁਰਕੀ, ਜੌਰਡਨ, ਯੂਏਈ, ਆਸਟ੍ਰੇਲੀਆ, ਬੈਲਜੀਅਮ, ਕਿਊਬਾ, ਰੋਮਾਨੀਆ ਤੇ ਤਾਈਵਾਨ ਵਰਗੇ ਦੇਸ਼ਾਂ 'ਚ ਵੀ ਅਮਰੀਕੀ ਫੌਜਾਂ ਮੌਜੂਦ ਹਨ। ਤਾਈਵਾਨ ਨੂੰ ਲਗਭਗ ਰੋਜ਼ਾਨਾ ਚੀਨੀ ਹਮਲੇ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇਨ੍ਹਾਂ ਦੇਸ਼ਾਂ ਦੀ ਚਿੰਤਾ ਇਹ ਹੈ ਕਿ ਕੀ ਅਮਰੀਕਾ ਅਫ਼ਗਾਨਿਸਤਾਨ ਵਾਂਗ ਉਨ੍ਹਾਂ ਨਾਲ ਅਜਿਹਾ ਕਰ ਸਕਦਾ ਹੈ। ਮਤਲਬ ਕੀ ਉਹ ਭਵਿੱਖ ਵਿੱਚ ਇਨ੍ਹਾਂ ਦੇਸ਼ਾਂ ਤੋਂ ਆਪਣੇ ਫੌਜੀ ਵਾਪਸ ਸੱਦ ਲਵੇਗਾ?