ਇਸਲਾਮਾਬਾਦ: ਪਾਕਿਸਤਾਨ ਦੀ ਨਵਾਜ਼ ਸ਼ਰੀਫ਼ ਸਰਕਾਰ ਨੇ ਪਹਿਲੀ ਵਾਰ ਦੇਸ਼ ਦੀ ਸੈਨਾ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਸੈਨਾ ਨੂੰ ਆਖਿਆ ਹੈ ਕਿ ਦਹਿਸ਼ਤਗਰਦਾਂ ਦਾ ਸਫ਼ਾਇਆ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੌਮਾਂਤਰੀ ਪੱਧਰ ਉੱਤੇ ਉਹ ਇਕੱਲਾ ਪੈ ਜਾਵੇਗਾ। ਪਾਕਿਸਤਾਨ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਦਹਿਸ਼ਤਗਰਦ ਸੰਗਠਨਾਂ ਖ਼ਿਲਾਫ਼ ਕਾਰਵਾਈ ਵਿੱਚ ਸੈਨਾ ਤੇ ਖ਼ੁਫ਼ੀਆ ਏਜੰਸੀਆਂ ਕੋਈ ਦਖ਼ਲ ਅੰਦਾਜ਼ੀ ਨਾ ਕਰਨ।

ਉੜੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਦੁਨੀਆ ਤੋਂ ਵੱਖਰਾ ਕਰਨ ਦੀ ਨੀਤੀ ਅਪਣਾਈ ਹੋਈ ਹੈ। ਇਸ ਵਿੱਚ ਭਾਰਤ ਨੂੰ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ 8 ਸਾਰਕ ਦੇਸਾਂ ਵਿੱਚੋਂ 5 ਨੇ ਇਸ ਸੰਮੇਲਨ ਦਾ ਬਾਈਕਾਟ ਕਰ ਦਿੱਤਾ। ਪਾਕਿਸਤਾਨ ਦੇ ਅਖ਼ਬਾਰ "ਦਾ ਡਾਨ" ਅਨੁਸਾਰ ਇਸ ਸਬੰਧੀ  ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਅਗਵਾਈ ਹੇਠ ਬੈਠਕ ਹੋਈ ਸੀ ਜਿਸ ਵਿੱਚ ਆਈ.ਐਸ.ਆਈ.  ਦੇ ਡੀ.ਜੀ. ਜਨਰਲ ਰਿਜ਼ਵਾਨ ਅਖ਼ਤਰ ਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਸੀਰ ਜੰਜੂਆ ਨੇ ਹਿੱਸਾ ਲਿਆ।

ਇਸ ਵਿੱਚ ਸਰਕਾਰ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਜੋ ਕਾਰਵਾਈ ਦਹਿਸ਼ਤਗਰਦਾਂ ਖ਼ਿਲਾਫ਼ ਹੋਵੇਗੀ, ਉਸ ਵਿੱਚ ਖ਼ੁਫ਼ੀਆ ਏਜੰਸੀਆਂ ਕੋਈ ਦਖ਼ਲਅੰਦਾਜ਼ੀ ਨਾ ਕਰਨ।