ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਆਪਣੀ ਪਤਨੀ ਕੁਲਸੂਮ (68) ਦੀ ਮੌਤ ਤੋਂ ਬਾਅਦ ਬੁੱਧਵਾਰ ਨੂੰ ਲਾਹੌਰ ਪਹੁੰਚ ਗਏ। ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਨਵਾਜ਼, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਕੈਪਟਨ (ਸੇਵਾਮਕੁਤ) ਮੁਹੰਮਦ ਸਫ਼ਦਰ ਨੂੰ 12 ਘੰਟੇ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ। ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਨੇ ਪੰਜ ਦਿਨਾਂ ਦੀ ਪੈਰੋਲ ਮੰਗੀ ਸੀ। ਕੁਲਸੂਮ ਨੂੰ ਸ਼ੁੱਕਰਵਾਰ ਨੂੰ ਲਾਹੌਰ ਦੇ ਜਾਤੀ ਉਮਰਾ ਵਿੱਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।


ਨਵਾਜ਼, ਮਰੀਅਮ ਤੇ ਸਫ਼ਦਰ ਬੁੱਧਵਾਰ ਨੂੰ ਰਾਵਲਪਿੰਡੀ ਨੂੰ ਨੂਰ ਖ਼ਾਨ ਏਅਰਬੇਸ ਤੋਂ ਲਾਹੌਰ ਲਈ ਵਿਸ਼ੇਸ਼ ਜਹਾਜ਼ ਰਾਹੀਂ ਰਵਾਨਾ ਹੋਏ ਸਨ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਬੁਲਾਰਾ ਮਰੀਅਮ ਔਰੰਗਜ਼ੇਬ ਮੁਤਾਬਕ ਸ਼ਹਿਬਾਜ਼ ਸ਼ਰੀਫ਼ ਨੇ ਪੰਜਾਬ ਸਰਕਾਰ ਕੋਲ ਨਵਾਜ਼ ਤੇ ਉਸ ਦੇ ਪਰਿਵਰ ਨੂੰ ਪੰਜ ਦਿਨਾਂ ਲਈ ਪੈਰੋਲ ਦਿੱਤੇ ਜਾਣ ਲਈ ਬਿਨੈ ਕੀਤਾ ਸੀ। ਪੰਜਾ ਸਰਕਾਰ ਨੇ ਇਸ ਨੂੰ ਅੰਸ਼ਕ ਤੌਰ 'ਤੇ ਮੰਨਦੇ ਹੋਏ ਸਿਰਫ 12 ਘੰਟਿਆਂ ਦੀ ਪੈਰੋਲ ਦਿੱਤੀ।

ਮਰੀਅਮ ਨੇ ਉਮੀਦ ਜਤਾਈ ਕਿ ਕੁਲਸੂਮ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਅੰਤਮ ਸੰਸਕਾਰ ਤਕ ਲਈ ਪੈਰੋਲ ਵਧਾ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੇ ਅਫ਼ਸਰ ਨੇ ਕਿਹਾ ਹੈ ਕਿ ਕੁਲਸੂਮ ਦੇ ਲਾਹੌਰ ਵਿੱਚ ਹੋਣ ਵਾਲੇ ਅੰਤਿਮ ਸੰਸਕਾਰ ਤਕ ਪੈਰੋਲ ਨੂੰ ਵਧਾਈ ਜਾ ਸਕਦੀ ਹੈ। ਕੁਲਸੁਮ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਲਿਆਉਣ ਲਈ ਸ਼ਾਹਬਾਜ਼ ਸ਼ਰੀਫ਼ ਬੁੱਧਵਾਰ ਨੂੰ ਲੰਦਨ ਰਵਾਨਾ ਹੋ ਗਏ।