ਮਹਿਰਾਜਗੰਜ: ਹੁਣ ਭਾਰਤ ਤੋਂ ਉਹੀ ਫਲ ਤੇ ਸਬਜ਼ੀਆਂ ਨੇਪਾਲ ਭੇਜੀਆਂ ਜਾਣਗੀਆਂ ਜਿਨ੍ਹਾਂ ਨੂੰ ਲੈਬ ਟੈਸਟ ਵਿੱਚ ਹਰੀ ਝੰਡੀ ਮਿਲੇਗੀ। ਨੇਪਾਲ ਸਰਕਾਰ ਨੇ ਫਲ ਤੇ ਸਬਜ਼ੀਆਂ ਵਿੱਚ ਰਸਾਇਣ ਮਿਲਣ ਦੀ ਸ਼ਿਕਾਇਤ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਨੇਪਾਲ ਕਸਟਮ ਨੇ ਇਸ ਹੁਕਮ ਦੀ ਪੁਸ਼ਟੀ ਕੀਤੀ ਹੈ। ਨੇਪਾਲ ਸਰਕਾਰ ਦੇ ਇਸ ਹੁਕਮ ਨਾਲ ਭਾਰਤ ਦੇ ਸਬਜ਼ੀ ਤੇ ਫਲ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।


ਭਾਰਤ-ਨੇਪਾਲ ਦੀ ਸੋਨੌਲੀ ਸਰਹੱਦ ਤੋਂ ਪ੍ਰਤੀਦਿਨ ਛੋਟੇ-ਵੱਡੇ ਸੈਂਕੜੇ ਵਾਹਨਾਂ ਨਾਲ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਾਨਪੁਰ, ਬਸਤੀ, ਬਨਾਰਸ, ਗੋਰਖਪੁਰ, ਕੁਸ਼ੀਨਗਰ, ਦੇਵਰੀਆ ਤੇ ਮਹਿਰਾਜਗੰਜ ਆਦਿ ਜ਼ਿਲ੍ਹਿਆਂ ਤੋਂ ਸਬਜ਼ੀਆਂ ਤੇ ਫਲ ਨੇਪਾਲ ਭੇਜੇ ਜਾਂਦੇ ਹਨ। ਇਸ ਫੈਸਲੇ ਬਾਅਦ ਵਪਾਰੀਆਂ ਨੇ ਕਿਹਾ ਕਿ ਇਸ ਨਿਯਮ ਨਾਲ ਛੋਟੇ ਵਪਾਰੀਆਂ ਸਾਹਮਣੇ ਤੋਰੀ-ਫੁਲਕੇ ਦਾ ਵੱਡਾ ਸੰਕਟ ਖੜ੍ਹਾ ਹੋ ਜਾਏਗਾ।

ਵਪਾਰ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਰਸਾਇਣ ਜਾਂਚ ਲਈ ਕਠਮੰਡੂ ਜਾਣਾ ਪਏਗਾ। ਉੱਧਰ ਮਹਿਰਾਜਗੰਜ ਦੇ ਜ਼ਿਲ੍ਹਾ ਅਧਿਕਾਰੀ ਅਮਰਨਾਥ ਉਪਾਧਿਆਏ ਨੇ ਕਿਹਾ ਕਿ ਉਨ੍ਹਾਂ ਨੂੰ ਨੇਪਾਲ ਸਰਕਾਰ ਦੇ ਇਸ ਹੁਕਮ ਦੀ ਕੋਈ ਜਾਣਕਾਰੀ ਨਹੀਂ। ਜੇ ਏਦਾਂ ਦੀ ਸਮੱਸਿਆ ਹੋਈ ਤਾਂ ਸਰਹੱਦ ਦੇ ਨਾਲ ਨੇਪਾਲੀ ਹਮਰੁਤਬਾ ਨਾਲ ਗੱਲਬਾਤ ਕੀਤੀ ਜਾਏਗੀ