Kami Rita Breaks His Own Record: ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ (Kami Rita Sherpa) ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਨਵਾਂ ਰਿਕਾਰਡ ਬਣਾਇਆ ਹੈ। ਕਾਮੀ ਰੀਤਾ ਨੇ 26ਵੀਂ ਵਾਰ ਮਾਊਂਟ ਐਵਰੈਸਟ ਫਤਹਿ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ, ਇੱਕ ਸਰਕਾਰੀ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਕਾਮੀ ਸ਼ੇਰਪਾ ਨੇ ਰਿਕਾਰਡ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕਰਕੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। 52 ਸਾਲਾ ਕਾਮੀ ਰੀਤਾ ਸ਼ੇਰਪਾ ਨੇ ਸ਼ਨੀਵਾਰ ਨੂੰ ਰਵਾਇਤੀ ਦੱਖਣ-ਪੂਰਬੀ ਰਿਜ ਰੂਟ ਦੇ ਨਾਲ 10 ਹੋਰ ਸ਼ੇਰਪਾ ਪਰਬਤਰੋਹੀਆਂ ਦੇ ਨਾਲ 8,848.86 ਮੀਟਰ (29,031.69-ਫੁੱਟ) ਪਹਾੜ 'ਤੇ ਚੜਾਈ ਕੀਤੀ।



26ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ  
ਕਾਠਮੰਡੂ 'ਚ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਜਨਰਲ ਤਾਰਾਨਾਥ ਅਧਿਕਾਰੀ ਨੇ ਦੱਸਿਆ ਕਿ ਕਾਮੀ ਰੀਤਾ ਨੇ ਚੜ੍ਹਾਈ 'ਚ ਆਪਣਾ ਹੀ ਰਿਕਾਰਡ ਤੋੜ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਕਾਮੀ ਰੀਤਾ ਦੀ ਪਤਨੀ ਜੰਗਮੂ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਪ੍ਰਾਪਤੀ ਤੋਂ ਖੁਸ਼ ਹੈ।

ਕਾਮੀ ਰੀਤਾ ਦੁਆਰਾ ਵਰਤੇ ਜਾਣ ਵਾਲੇ ਚੜ੍ਹਾਈ ਰੂਟ ਦੀ ਸ਼ੁਰੂਆਤ 1953 ਵਿੱਚ ਨਿਊਜ਼ੀਲੈਂਡ ਦੇ ਸਰ ਐਡਮੰਡ ਹਿਲੇਰੀ ਅਤੇ ਨੇਪਾਲ ਦੇ ਸ਼ੇਰਪਾ ਤੇਨਜਿੰਗ ਨੌਰਗੇ ਦੁਆਰਾ ਕੀਤੀ ਗਈ ਸੀ ਅਤੇ ਇਹ ਸਭ ਤੋਂ ਪ੍ਰਸਿੱਧ ਹੈ। ਇਸ ਸਾਲ ਨੇਪਾਲ ਨੇ ਐਵਰੈਸਟ 'ਤੇ ਚੜ੍ਹਨ ਲਈ 316 ਪਰਮਿਟ ਜਾਰੀ ਕੀਤੇ ਹਨ, ਜੋ ਮਈ ਤੱਕ ਚੱਲਦਾ ਹੈ, ਪਿਛਲੇ ਸਾਲ 408 ਦੇ ਮੁਕਾਬਲੇ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ।

ਮਾਊਂਟ ਐਵਰੈਸਟ ਬੇਸ ਕੈਂਪ 'ਤੇ ਚੜ੍ਹਦੇ ਸਮੇਂ ਡਾਕਟਰ ਦੀ ਮੌਤ  
ਦੂਜੇ ਪਾਸੇ ਨੇਪਾਲ 'ਚ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਚੜ੍ਹਨ ਦੌਰਾਨ ਮੁੰਬਈ ਦੀ 52 ਸਾਲਾ ਮਹਿਲਾ ਡਾਕਟਰ ਦੀ ਮੌਤ ਹੋ ਗਈ। ਪਰਿਵਾਰ ਦੇ ਇਕ ਮੈਂਬਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਗੋਰੇਗਾਂਵ ਵਿੱਚ ਰਹਿਣ ਵਾਲੀ ਡਾਕਟਰ ਪ੍ਰਦੰਨਿਆ ਸਾਮੰਤ ਦੀ ਨੇਪਾਲ ਵਿੱਚ ਐਵਰੈਸਟ ਬੇਸ ਕੈਂਪ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੋਈ ਹਾਦਸਾ ਨਹੀਂ ਹੋਇਆ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਅੱਜ ਦੇਰ ਰਾਤ ਜਹਾਜ਼ ਰਾਹੀਂ ਲਾਸ਼ ਇਥੇ ਲਿਆਂਦੀ ਜਾਵੇਗੀ। ਸੋਮਵਾਰ ਨੂੰ ਗੋਰੇਗਾਂਵ ਦੇ ਸ਼ਿਵਧਾਮ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ।