ਚੰਡੀਗੜ੍ਹ: ਨੇਪਾਲ ਦੇ ਕੇਂਦਰੀ ਬੈਂਕ ਨੇ 2000, 500 ਤੇ 200 ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ 'ਤੇ ਪਾਬੰਦੀ ਲ ਦਿੱਤੀ ਹੈ। ਬੈਂਕ ਦੇ ਇਸ ਕਦਮ ਨਾਲ ਹਿਮਾਲਿਆ ਘੁੰਮਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡੀ ਮੁਸ਼ਕਲ ਆ ਸਕਦੀ ਹੈ ਕਿਉਂਕਿ ਇਸ ਖੇਤਰ ਵਿੱਚ ਵੱਡੀ ਤਾਦਾਦ ’ਤੇ ਭਾਰਤੀ ਕਰੰਸੀ ਵਰਤੀ ਜਾਂਦਾ ਹੈ। ਕਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਨੇਪਾਲ ਰਾਸ਼ਟਰੀ ਬੈਂਕ ਨੇ ਐਤਵਾਰ ਨੂੰ ਸਰਕੂਲਰ ਜਾਰੀ ਕੀਤਾ ਹੈ। ਇਸ ਵਿੱਚ ਨੇਪਾਲੀ ਸੈਲਾਨੀਆਂ, ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ 100 ਰੁਪਏ ਤੋਂ ਵੱਧ ਦੇ ਭਾਰਤੀ ਕਰੰਸੀ ਦੇ ਨੋਟ ਰੱਖਣ ਜਾਂ ਉਨ੍ਹਾਂ ਦੇ ਕਾਰੋਬਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।


ਨਵੇਂ ਨਿਯਮਾਂ ਤਹਿਤ ਨੇਪਾਲੀ ਨਾਗਰਿਕ ਭਾਰਤ ਤੋਂ ਇਲਾਵਾ ਇਨ੍ਹਾਂ ਨੋਟਾਂ ਦਾ ਕਿਸੇ ਹੋਰ ਦੇਸ਼ ਵਿੱਚ ਇਸਤੇਮਾਲ ਨਹੀਂ ਕਰ ਸਕਦੇ। ਇਸੇ ਤਰ੍ਹਾਂ ਨੇਪਾਲੀਆਂ ਨੂੰ ਵੀ ਦੂਜੇ ਦੇਸ਼ਾਂ ਤੋਂ ਅਜਿਹੇ ਨੋਟ ਲਿਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਹਾਲਾਂਕਿ ਭਾਰਤੀ ਕਰੰਸੀ ਦੇ 100 ਰੁਪਏ ਜਾਂ ਇਸ ਤੋਂ ਘੱਟ ਦੇ ਨੋਟਾਂ ਦੇ ਵਪਾਰ ਤੇ ਲੈਣ-ਦੇਣ ’ਤੇ ਕੋਈ ਰੋਕ ਨਹੀਂ ਲਾਈ ਗਈ।

ਉੱਧਰ ਟਰੈਵਲ ਟਰੇਡਰ ਤੇ ਉਦਮੀ ਇਸ ਬੈਨ ਦਾ ਸਖ਼ਤ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੇ ਟੂਰਿਜ਼ਮ ’ਤੇ ਮਾੜਾ ਅਸਰ ਪਏਗਾ ਕਿਉਂਕਿ ਸਰਕਾਰ ਨੇ 2020 ਵਿੱਚ ਘੱਟੋ-ਘੱਟ 2 ਮਿਲੀਅਨ ਸੈਲਾਨੀਆਂ ਨੂੰ ਨੇਪਾਲ ਦਾ ਦੌਰਾ ਕਰਨ ਲਈ 'ਵਿਜ਼ਿਟ ਨੇਪਾਲ' ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਨਾਲ ਨੇਪਾਲ ਤੇ ਭੂਟਾਨ ਵਰਗੇ ਦੇਸ਼ਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇੱਥੇ ਵੱਡੇ ਪੱਧਰ ਉੱਤੇ ਭਾਰਤੀ ਕਰੰਸੀ ਦੀ ਵਰਤੋਂ ਕੀਤੀ ਜਾਂਦੀ ਹੈ। ਪਿਛਲੇ ਦੋ ਸਾਲਾਂ ਤੋਂ ਨੇਪਾਲੀ ਵੀ ਭਾਰਤੀ ਕਰੰਸੀ ਦੀ ਵਰਤੋਂ ਕਰ ਰਹੇ ਹਨ।