ਵਾਸ਼ਿੰਗਟਨ: ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਸੂਬੇ ਦੇ ਵਿਕਾਸ ’ਚ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਦਸਤਾਰ ’ਚ ਸਜੇ ਮਰਫੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਦੇ ਉਚਾਰਣ ਨਾਲ ਕੀਤੀ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ’ਚ ਸੈਂਕੜੇ ਸਿੱਖ-ਅਮਰੀਕੀਆਂ ਨੂੰ ਸੰਬੋਧਨ ਹੁੰਦਿਆਂ ਮਰਫ਼ੀ ਨੇ ਕਿਹਾ ਕਿ ਨਿਊਜਰਸੀ ’ਚ ਵੱਖ ਵੱਖ ਭਾਂਤ ਦੇ ਵਿਅਕਤੀ ਨਜ਼ਰ ਆਉਂਦੇ ਹਨ ਤੇ ਹਰੇਕ ਭਾਈਚਾਰਾ ਪ੍ਰਾਂਤ ਦੇ ਵਿਕਾਸ ’ਚ ਆਪਣਾ ਯੋਗਦਾਨ ਪਾਉਂਦਾ ਹੈ।


ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਤੋਂ ਬਿਨਾਂ ਸਮਾਜ ਬੇਰੰਗ ਹੋ ਜਾਵੇਗਾ। ਮਰਫ਼ੀ ਮੁਤਾਬਕ ਸਮਾਜ ’ਚ ਸਿੱਖਾਂ ਦੀ ਹੋਂਦ ਨਾਲ ਨਿਊਜਰਸੀ ਰੰਗੀਨ ਹੋਇਆ ਪਿਆ ਹੈ। ਸਮਾਗਮ ਦਾ ਪ੍ਰਬੰਧ ‘ਲੈੱਟਸ ਸ਼ੇਅਰ ਏ ਮੀਲ’ ਨੇ ਸਿੱਖ ਚੈਂਬਰ ਆਫ਼ ਕਾਮਰਸ ਗਲੋਬਲ, ਧਨ ਗੁਰੂ ਨਾਨਕ ਜਥਾ ਤੇ ਐਸਏਵੀਏ ਦੇ ਸਹਿਯੋਗ ਨਾਲ ਸ਼ਨਿਚਰਵਾਰ ਨੂੰ ਨਿਊਜਰਸੀ ਦੇ ਪਰਫਾਰਮਿੰਗ ਆਰਟਸ ਸੈਂਟਰ ’ਤੇ ਕਰਵਾਇਆ ਗਿਆ ਸੀ।

ਅਮਰੀਕੀ ਇਤਿਹਾਸ ਦੇ ਪਹਿਲੇ ਸਿੱਖ-ਅਮਰੀਕੀ ਅਟਾਰਨੀ ਜਨਰਲ ਤੇ ਨਿਊਜਰਸੀ ਦੇ 61ਵੇਂ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੇ ਭਾਰਤ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਮਿਸਾਲ ਦੇ ਕੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ। ਧਾਲੀਵਾਲ ਦੀ ਸਤੰਬਰ ’ਚ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਡਿਪਟੀ ਧਾਲੀਵਾਲ ਨੇ ਆਪਣੇ ਫਿਰਕੇ ਦੀ ਰਾਖੀ ਕੀਤੀ ਤੇ ਹੋਰਾਂ ਦੀ ਸੇਵਾ ਕਰਦਿਆਂ ਉਸ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਇਸ ਮੰਦਭਾਗੀ ਘਟਨਾ ਤੋਂ ਪੂਰੀ ਦੁਨੀਆਂ ਨੇ ਦੇਖਿਆ ਕਿ ਅਸੀਂ ਬਤੌਰ ਸਿੱਖ ਜਾਣਦੇ ਹਾਂ ਕਿ ਗੁਰੂ ਨਾਨਕ ਨੇ ਸਾਨੂੰ ਕੀ ਸਿਖਾਇਆ ਹੈ।

ਉੱਘੇ ਅਮਰੀਕੀ ਕਾਮੇਡੀਅਨ ਅਤੇ ਮੁੱਖ ਬੁਲਾਰੇ ਹਸਨ ਮਿਨਹਾਜ ਨੇ ਪੱਤਰਕਾਰ ਸ਼ਵੇਤਾ ਸਿੰਘ ਨਾਲ ਬੈਠ ਕੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਦੁਨੀਆਂ ਦੇ ਹਾਲਾਤ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ‘ਲੈੱਟਸ ਸ਼ੇਅਰ ਏ ਮੀਲ’ ਸੰਸਥਾ ਦੇ ਬਾਨੀ ਓਂਕਾਰ ਸਿੰਘ ਨੇ ਕਿਹਾ ਕਿ ਸਮਾਗਮ ਦਾ ਮੁੱਖ ਮਕਸਦ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਸਿੱਖੀ ਬਾਰੇ ਲੋਕਾਂ ਨੂੰ ਜਾਣੂ ਕਰਾਉਣਾ ਸੀ।