ਨਵੀਂ ਦਿੱਲੀ: ਕੇਂਦਰ ਸਰਕਾਰ ਪ੍ਰਵਾਸੀ ਭਾਰਤੀਆਂ ਦੀਆਂ ਵਿਆਹ ਨਾਲ ਜੁੜੀਆਂ ਸਮੱਸਿਆਵਾਂ ਸਬੰਧੀ ਕਾਨੂੰਨ 'ਚ ਬਦਲਾਅ ਕਰਨ ਜਾ ਰਹੀ ਹੈ। ਨਵੇਂ ਕਾਨੂੰਨ ਤਹਿਤ ਪਤਨੀਆਂ ਨੂੰ ਕਾਨੂੰਨੀ ਰੂਪ 'ਚ ਤਲਾਕ ਦਿੱਤੇ ਬਿਨਾਂ ਛੱਡਣ ਵਾਲੇ ਪਤੀਆਂ ਨੂੰ ਭਗੌੜਾ ਐਲਾਨ ਕਰਨ ਤੋਂ ਇਲਾਵਾ ਉਨ੍ਹਾਂ ਦੀ ਸੰਪਤੀ ਜ਼ਬਤ ਕੀਤੀ ਜਾਵੇਗੀ।


ਇਸ ਸਬੰਧੀ ਸਰਕਾਰ ਛੇਤੀ ਹੀ ਨਵਾਂ ਬਿੱਲ ਪੇਸ਼ ਕਰੇਗੀ। ਪੰਜਾਬ ਐਨਆਰਆਈ ਕਮਿਸ਼ਨ ਦੇ ਸਾਬਕਾ ਮੁਖੀ ਜਸਟਿਸ ਅਰਵਿੰਦ ਗੋਇਲ ਦੀ ਅਗਵਾਈ 'ਚ 2016 'ਚ ਪੈਨਲ ਬਣਾਇਆ ਗਿਆ ਸੀ ਜਿਸ 'ਚ ਕਾਨੂੰਨ 'ਚ ਬਦਲਾਅ ਕਰਨ ਦੀ ਸਿਫਾਰਸ਼ ਸੀ।


ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਨਆਰਆਈ ਵਿਆਹਾਂ ਨਾਲ ਜੁੜੀਆਂ ਸਮੱਸਿਆਵਾਂ ਸਬੰਧੀ ਹੋਏ ਪ੍ਰੋਗਰਾਮ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਐਨਆਰਆਈ ਨੇ ਆਪਣੀ ਪਤਨੀ ਨੂੰ ਛੱਡ ਕੇ ਆਪਣਾ ਪਤਾ ਬਦਲ ਲਿਆ ਹੈ ਤਾਂ ਇਸ ਨਾਲ ਜੁੜੀ ਵੈਬਸਾਈਟ 'ਤੇ ਉਨ੍ਹਾਂ ਦੇ ਨਾਂਅ ਜਾਰੀ ਕੀਤੇ ਜਾਣਗੇ।


ਜੇਕਰ ਦੋਸ਼ੀ ਕੋਰਟ 'ਚ ਪੇਸ਼ ਨਾ ਹੋਇਆ ਤਾਂ ਉਸਨੂੰ ਭਗੌੜਾ ਐਲਾਨਿਆ ਜਾਵੇਗਾ ਤੇ ਦੇਸ਼ 'ਚ ਮੌਜੂਦ ਉਸਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਸ ਬਾਬਤ ਤਿਆਰੀਆਂ ਕਰ ਲਈਆਂ ਗਈਆਂ ਹਨ ਤੇ ਜਲਦ ਹੀ ਇਸ ਨੂੰ ਮੰਤਰੀ ਮੰਡਲ 'ਚ ਪੇਸ਼ ਕੀਤਾ ਜਾਵੇਗਾ।