ਨਿਊਯਾਰਕ 'ਚ ਹੋਏ ਅੱਤਵਾਦੀ ਹਮਲੇ ‘ਚ ਫੜੇ ਗਏ ਸ਼ੱਕੀ ਵਿਅਕਤੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਮਲੇ ਤੋਂ ਠੀਕ ਪਹਿਲਾਂ ਫੇਸਬੁੱਕ ਜ਼ਰੀਏ ਚੇਤਾਵਨੀ ਦਿੱਤੀ ਸੀ। ਮੁਲਜ਼ਮ ਨੇ ਸੋਸ਼ਲ ਮੀਡਿਆ 'ਤੇ ਲਿਖਿਆ ਸੀ ਕਿ ਟਰੰਪ ਆਪਣੇ ਦੇਸ਼ ਨੂੰ ਬਚਾਉਣ ‘ਚ ਅਸਫਲ ਹਨ।
ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਸ਼ੱਕੀ ਅਕਾਇਦ ਉੱਲਾਹ 'ਤੇ ਦਰਜ ਕੀਤੇ ਗਏ ਮਾਮਲੇ 'ਚ ਉਸ ਦੇ ਫੇਸਬੁੱਕ ਪੋਸਟ ਦਾ ਵੀ ਜ਼ਿਕਰ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ 27 ਸਾਲਾ ਬੰਗਲਾਦੇਸ਼ੀ ਸ਼ੱਕੀ ਨੇ ਇਹ ਧਮਾਕਾ ਆਈ.ਐੱਸ.ਆਈ.ਐੱਸ. ਦੇ ਸਮਰਥਨ ‘ਚ ਕੀਤਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਹੋਏ ਇਸ ਹਮਲੇ ‘ਚ ਸ਼ੱਕੀ ਸਣੇ ਤਿੰਨ ਲੋਕ ਜ਼ਖਮੀ ਹੋਏ ਸੀ। ਸ਼ੱਕੀ ਨੇ ਭੀੜ੍ਹ ਵਾਲੇ ਇਲਾਕੇ ‘ਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਨੇ ਇਹ ਬੰਬ ਆਪਣੇ ਘਰ ‘ਤੇ ਹੀ ਤਿਆਰ ਕੀਤਾ ਸੀ। ਮੁਲਜ਼ਮ 2011 ਤੋਂ ਫੈਮਿਲੀ ਵੀਜ਼ਾ ‘ਤੇ ਯੂ.ਐੱਸ. ‘ਚ ਹੀ ਰਹਿ ਰਿਹਾ ਸੀ।
ਉਥੇ ਹੀ ਬੰਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਅਕਾਇਦ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ। ਹਾਦਸੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਕਤੂਬਰ ‘ਚ ਵੀ ਇਸੇ ਥਾਂ ‘ਤੇ ਹਮਲਾ ਹੋਇਆ ਸੀ ਜਿਸ ‘ਚ 8 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦਰਸ਼ਾਉਂਦਾ ਹੈ ਕਿ ਅਮਰੀਕੀ ਲੋਕਾਂ ਲਈ ਹੋਰ ਜ਼ਿਆਦਾ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਲੋੜ ਹੈ।