ਨਵੀਂ ਦਿੱਲੀ- ਭਾਰਤ, ਚੀਨ ਅਤੇ ਰੂਸ ਨੇ ਅੱਤਵਾਦ ਵਿਰੁੱਧ ਲੜਾਈ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ, ਜਿਸ ਵਿੱਚ ਵਿੱਤ ਪੋਸ਼ਣ ਨੂੰ ਖਤਮ ਕਰਨ ਅਤੇ ਅੱਤਵਾਦ ਦੇ ਮੁੱਢਲੇ ਢਾਂਚੇ ਨੂੰ ਖਤਮ ਕਰਨਾ ਸ਼ਾਮਲ ਹੈ। ਭਾਰਤੀ ਪੱਖ ਨੇ ਲਸ਼ਕਰ ਏ ਤੋਇਬਾ ਵਰਗੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਵੱਲੋਂ ਅੱਤਵਾਦੀ ਘਟਨਾਵਾਂ ਵਿੱਚ ਵਾਧੇ ‘ਤੇ ਚਿੰਤਾ ਜ਼ਾਹਰ ਕੀਤੀ ਹੈ।
ਰੂਸ, ਭਾਰਤ, ਚੀਨ ਦੇ ਵਿਦੇਸ਼ ਮੰਤਰੀਆਂ ਦੀ ਏਥੇ 15ਵੀਂ ਬੈਠਕ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਵਾਂਗ ਯੀ ਅਤੇ ਸਰਗੇਈ ਲੈਵਰੋਵ ਨੇ ਅੱਤਵਾਦ ਤੇ ਕੱਟੜਤਾ ਨੂੰ ਰੋਕਣ ਤੇ ਮੁਕਾਬਲਾ ਕਰਨ ਲਈ ਪਹਿਲੀ ਅਤੇ ਮੁੱਖ ਜ਼ਿੰਮੇਵਾਰੀ ਉਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਰੇ ਦੇਸ਼ਾਂ ਨੂੰ ਆਪਣੇ ਖੇਤਰ ਵਿੱਚ ਅੱਤਵਾਦੀ ਸਰਗਰਮੀਆਂ ਰੋਕਣ ਦੀ ਦਿਸ਼ਾ ਵਿੱਚ ਉਚਿਤ ਕਦਮ ਚੁੱਕਣੇ ਚਾਹੀਦੇ ਹਨ।
ਮੀਟਿੰਗ ਬਾਰੇ ਸੁਸ਼ਮਾ ਸਵਰਾਜ ਨੇ ਕਿਹਾ, ‘‘ਅੱਤਵਾਦ ਦੀ ਚਰਚਾ ਕਰਦੇ ਹੋਏ ਮੈਂ ਤਾਲਿਬਾਨ, ਅਲ ਕਾਇਦਾ, ਆਈ ਐੱਸ ਆਈ ਐੱਸ ਅਤੇ ਐੱਲ ਈ ਟੀ ਵਰਗੇ ਅੱਤਵਾਦੀ ਸੰਗਠਨਾਂ ਦੀਆਂ ਸਰਗਰਮੀਆਂ ਵਿੱਚ ਮਹੱਤਵ ਪੂਰਨ ਵਾਧੇ ਬਾਰੇ ਆਪਣੀ ਗੱਲ ਰੱਖੀ, ਜੋ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਦੀ ਸਥਿਤੀ ਨੂੰ ਘਟਾਉਂਦੇ ਅਤੇ ਸੰਸਾਰ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਠੋਸ ਵਿਕਾਸ ਅਤੇ ਵਾਧਾ ਯਕੀਨੀ ਕਰਨ ਦੇ ਯਤਨਾਂ ਨੂੰ ਖਤਰੇ ਵਿੱਚ ਪਾਉਂਦੇ ਹਨ।”
ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ 15ਵੀਂ ਬੈਠਕ ਪਿੱਛੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਸਭ ਦੇਸ਼ ਅੱਤਵਾਦ ਦੇ ਹਰ ਰੂਪ ਦੀ ਨਿੰਦਾ ਕਰਨ ਅਤੇ ਅੱਤਵਾਦ ਨੂੰ ਰੋਕਣ ਅਤੇ ਉਸ ਨੂੰ ਢੁੱਕਵਾਂ ਜਵਾਬ ਦੇਣ ਦੀ ਵਚਨਬੱਧਤਾ ਦੁਹਰਾਉਣ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ, ਰੂਸ, ਚੀਨ ਵਿਚਾਲੇ ਸਹਿਯੋਗ ਕਿਸੇ ਹੋਰ ਦੇਸ਼ ਦੇ ਵਿਰੁੱਧ ਨਹੀਂ ਹੈ।