ਦੁਬਈ- ਸਾਊਦੀ ਅਰਬ ਵਿੱਚ ਬਦਲਾਅ ਦੀ ਹਨੇਰੀ ਤੇਜ਼ ਹੋ ਗਈ ਹੈ। ਔਰਤਾਂ ਨੂੰ ਵਾਹਨ ਚਲਾਉਣ ਦੀ ਆਜ਼ਾਦੀ, ਵਿਦੇਸ਼ੀ ਨਿਵੇਸ਼ਕਾਂ ਨੂੰ ਸੱਦਾ ਆਦਿ ਕਦਮਾਂ ਪਿੱਛੋਂ ਸਾਊਦੀ ਸਰਕਾਰ ਨੇ ਜਨਤਕ ਤੌਰ ‘ਤੇ ਫਿਲਮਾਂ ਨੂੰ ਦਿਖਾਏ ਜਾਣ ਉੱਤੇ ਲੱਗੀ 35 ਸਾਲ ਪੁਰਾਣੀ ਪਾਬੰਦੀ ਨੂੰ ਹਟਾ ਲਿਆ ਹੈ। ਅਜਿਹੇ ਵਿੱਚ ਹੁਣ ਸਾਊਦੀ ਦੇ ਲੋਕ ਵੀ ਟਾਕੀਜ਼ ਵਿੱਚ ਜਾ ਕੇ ਦੇਸ਼ ਵਿਦੇਸ਼ ਦੀਆਂ ਫਿਲਮਾਂ ਦੇਖਣ ਸਕਣਗੇ।

ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੂਰੇ ਦੇਸ਼ ਵਿੱਚ ਜਲਦੀ ਹੀ ਸਿਨੇਮਾਘਰ ਖੋਲ੍ਹੇ ਜਾਣਗੇ। ਪਹਿਲਾ ਸਿਨੇਮਾ ਹਾਲ ਅਗਲੇ ਸਾਲ ਮਾਰਚ ਤੱਕ ਖੁੱਲ੍ਹਣ ਦੀ ਆਸ ਹੈ।

ਧਾਰਮਿਕ ਕੱਟੜਪੰਥ ਨੂੰ ਅਪਣਾਉਣ ਵਾਲੇ ਦੇਸ਼ ਨੇ ਅੱਸੀ ਦੇ ਦਹਾਕੇ ਵਿੱਚ ਸਿਨੇਮਾ ਦੇ ਨਾਲ ਜਨਤਕ ਮਨੋਰੰਜਨ ਦੀਆਂ ਸਭ ਚੀਜ਼ਾਂ ‘ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ਵਿੱਚ ਇਥੇ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ।

ਸਰਕਾਰ ਨੂੰ ਉਮੀਦ ਹੈ ਕਿ ਮਨੋਰੰਜਨ ਉਦਯੋਗ ਦੇ ਵਿਕਾਸ ਦੇ ਬਾਅਦ ਦੇਸ਼ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਪਿਛਲੇ ਕੁਝ ਸਮੇਂ ਤੋਂ ਘਟੀਆਂ ਤੇਲ ਦੀਆਂ ਕੀਮਤਾਂ ਕਾਰਨ ਇਥੋਂ ਦੀ ਅਰਥਵਿਵਸਥਾ ਨੂੰ ਕਾਫੀ ਨੁਕਸਾਨ ਹੋਇਆ ਹੈ।

ਸਾਊਦੀ ਵਿੱਚ 2030 ਤੱਕ 2000 ਤੋਂ ਵੱਧ ਸਕਰੀਨ ਵਾਲੇ 300 ਸਿਨੇਮਾ ਹਾਲ ਬਣਾਏ ਜਾਣਗੇ। ਇਸ ਕਾਰਨ ਕਰੀਬ 30 ਹਜ਼ਾਰ ਸਥਾਈ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਨਾਲ ਹੀ ਸਾਊਦੀ ਅਰਥ ਵਿਵਸਥਾ ਨੂੰ ਲਗਭਗ 1.54 ਲੱਖ ਕਰੋੜ ਰੁਪਏ ਦਾ ਫਾਇਦਾ ਹੋਵੇਗਾ।

ਸੱਭਿਆਚਾਰ ਅਤੇ ਸੰਚਾਰ ਮੰਤਰੀ ਅੱਵਾਦ ਬਿਨ ਸਾਲੇਹ ਨੇ ਕਿਹਾ ਕਿ ਸਿਨੇਮਾ ਦੇ ਆਉਣ ਨਾਲ ਅਰਥ ਵਿਵਸਥਾ ਦੇ ਨਾਲ ਹੀ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ। ਸਿਨੇਮਾ ਅਤੇ ਸਿਨੇਮਾ ਹਾਲ ਦੀ ਲਾਈਸੈਂਸਿੰਗ ਨਾਲ ਜੁੜੇ ਕਾਨੂੰਨਾਂ ਦਾ ਐਲਾਨ ਅਗਲੇ ਕੁਝ ਹਫਤੇ ਵਿੱਚ ਕੀਤਾ ਜਾਏਗਾ।