ਚੰਡੀਗੜ੍ਹ : ਕੁਝ ਸਮਾਂ ਪਹਿਲਾਂ ਇਰਾਕ ਤੋਂ 1,100 ਔਰਤਾਂ ਨੂੰ ਆਈ.ਐਸ. ਦੇ ਚੁੰਗਲ ਤੋਂ 'ਚੋਂ ਬਚਾਇਆ ਗਿਆ ਸੀ। ਇਨ੍ਹਾਂ ਸਾਰਿਆਂ ਦੀ ਕੁੱਝ ਨਾ ਕੁੱਝ ਦਰਦਨਾਕ ਕਹਾਣੀ ਜ਼ਰੂਰ ਹੈ। ਇਨ੍ਹਾਂ ਵਿੱਚੋਂ ਇੱਕ ਉਹ ਸੀ, ਜਿਸਨੂੰ 8 ਸਾਲ ਦੀ ਉਮਰ ਵਿੱਚ 10 ਮਹੀਨੇ ਦੇ ਅੰਦਰ 8 ਵਾਰ ਵੇਚਿਆ ਗਿਆ। ਇੰਨਾ ਹੀ ਨਹੀਂ, ਉਸ ਨਾਲ 100 ਵਾਰ ਰੇਪ ਵੀ ਹੋਇਆ।
ਹੁਣ 18 ਸਾਲ ਦੀ ਹੋ ਚੁੱਕੀ ਯਾਸਮੀਨ ਉਨ੍ਹਾਂ 1,100 ਔਰਤਾਂ ਵਿੱਚੋਂ ਹੈ ਜੋ ਆਈ.ਐਸ. ਦੀ ਕੈਦ ਤੋਂ ਛੁੱਟ ਕੇ ਭੱਜੀਆਂ ਸਨ ਅਤੇ ਹੁਣ ਜਰਮਨੀ ਵਿੱਚ ਮਾਨਸਿਕ ਇਲਾਜ ਕਰਵਾ ਰਹੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਯਜੀਦੀ ਧਾਰਮਿਕ ਜਾਤੀ ਨਾਲ ਸਬੰਧ ਰੱਖਦੀਆਂ ਹਨ। ਇਹ ਯਜੀਦੀ ਕੁੜੀ ਇਰਾਕ ਦੇ ਰਿਫਿਊਜ਼ੀ ਕੈਂਪ ਵਿੱਚ ਦੋ ਹਫਤਿਆਂ ਤੋਂ ਲੁਕੀ ਹੋਈ ਸੀ। ਜਦੋਂ ਉਸਨੂੰ ਆਪਣੇ ਟੈਂਟ ਦੇ ਬਾਹਰ ਆਈ.ਐਸ. ਦੇ ਲੜਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸਦੀ ਰੂਹ ਕੰਬ ਗਈ। ਉਸਨੂੰ ਆਪਣੇ ਨਾਲ ਹੋਈ ਦਹਿਸ਼ਤ ਅਤੇ ਹੈਵਾਨੀਅਤ ਯਾਦ ਆ ਗਈ, ਜਦੋਂ ਆਈ.ਐਸ. ਦੇ ਲੜਾਕਿਆਂ ਨੇ ਉਸਦੇ ਸਰੀਰ ਨੂੰ ਬੁਰੀ ਤਰ੍ਹਾਂ ਨਾਲ ਨੋਚ ਦਿੱਤਾ ਸੀ।
ਉਹ ਫਿਰ ਤੋਂ ਉਹੀ ਸਭ ਸਹਿਣ ਨਹੀਂ ਕਰ ਸਕਦੀ ਸੀ। 17 ਸਾਲ ਦੀ ਯਾਸਮੀਨ ਸੋਚਣ ਲੱਗੀ ਕਿ ਆਪਣੇ-ਆਪ ਨੂੰ ਕਿਵੇਂ ਬਚਾਵਾਂ। ਅਤੇ ਉਸ ਨੂੰ ਇੱਕ ਖਿਆਲ ਆਇਆ। ਇੱਕ ਅਜਿਹਾ ਖਿਆਲ ਜੋ ਇਨਸਾਨ ਲਈ ਖੁਦਕੁਸ਼ੀ ਤੋਂ ਵੀ ਭੈੜਾ ਹੋ ਸਕਦਾ ਹੈ। ਉਸ ਨੇ ਸੋਚਿਆ ਕਿ ਆਪਣੇ-ਆਪ ਨੂੰ ਇੰਨਾ ਬਦਸ਼ਕਲ ਬਣਾ ਲਵਾਂ ਕਿ ਮੈਨੂੰ ਕੋਈ ਵੇਖਣਾ ਹੀ ਨਾ ਚਾਹੇ। ਇਹ ਸੋਚ ਕੇ ਯਾਸਮੀਨ ਨੇ ਆਪਣੇ ਉੱਤੇ ਕੈਰੋਸਿਨ ਪਾਇਆ ਅਤੇ ਅੱਗ ਲਗਾ ਲਈ। ਯਾਸਮੀਨ ਦੇ ਵਾਲ ਅਤੇ ਚਿਹਰਾ ਸੜ੍ਹ ਗਏ। ਉਸ ਦਾ ਨੱਕ, ਬੁਲ੍ਹ ਅਤੇ ਕੰਨ ਪੂਰੀ ਤਰ੍ਹਾਂ ਪਿਘਲ ਗਏ।
ਜਰਮਨੀ ਦੇ ਡਾਕਟਰ ਯਾਨ ਇਲਹਾਨ ਕਿਜਿਲਹਾਨ ਨੂੰ ਯਾਸਮੀਨ ਇਸ ਹਾਲਤ ਵਿੱਚ ਪਿਛਲੇ ਸਾਲ ਉੱਤਰੀ ਇਰਾਕ ਦੇ ਇੱਕ ਰਿਫਿਊਜ਼ੀ ਕੈਂਪ ਵਿੱਚ ਮਿਲੀ ਸੀ। ਸਰੀਰਕ ਰੂਪ ਤੋਂ ਤਾਂ ਉਹ ਪੂਰੀ ਤਰ੍ਹਾਂ ਨਕਾਰਾ ਹੋ ਹੀ ਚੁੱਕੀ ਸੀ, ਮਾਨਸਿਕ ਤੌਰ ਉੱਤੇ ਵੀ ਉਹ ਇਸ ਕਦਰ ਡਰੀ ਹੋਈ ਸੀ ਕਿ ਡਾਕਟਰ ਨੂੰ ਆਪਣੇ ਵੱਲ ਆਉਂਦੇ ਵੇਖ ਚੀਖਣ ਲੱਗੀ ਸੀ ਕਿ ਕਿਤੇ ਉਸਦੇ ਅਗਵਾਕਾਰ ਹੀ ਤਾਂ ਨਹੀਂ ਆ ਗਏ।
ਹੁਣ ਉਨ੍ਹਾਂ ਡਰਾਉਣੇ ਦਿਨਾਂ ਨੂੰ ਯਾਦ ਕਰਦੇ ਹੋਏ ਯਾਸਮੀਨ ਜਦੋਂ ਵੀ ਗੱਲ ਕਰਦੀ ਹੈ ਤਾਂ ਉਸਦੀ ਮੁੱਠੀਆਂ ਘੁੱਟ ਜਾਂਦੀਆਂ ਹਨ ਅਤੇ ਉਹ ਕੁਰਸੀ ਨੂੰ ਕਸ ਕੇ ਫੜ ਲੈਂਦੀ ਹੈ। ਉਸ ਨੂੰ ਯਾਦ ਹੈ ਜਦੋਂ ਡਾਕਟਰ ਯਾਨ ਪਹਿਲੀ ਵਾਰ ਉਸਦੇ ਕੈਂਪ ਵਿੱਚ ਆਏ ਸਨ ਤਾਂ ਉਸ ਦੀ ਮਾਂ ਨੂੰ ਕਿਹਾ ਸੀ ਕਿ ਜਰਮਨੀ ਵਿੱਚ ਉਸਦੀ ਮਦਦ ਹੋ ਸਕਦੀ ਹੈ। ਉਹ ਦੱਸਦੀ ਹੈ, "ਮੈਂ ਕਿਹਾ 'ਬੇਸ਼ੱਕ ਮੈਂ ਉੱਥੇ ਜਾਣਾ ਚਾਹੁੰਦੀ ਹਾਂ ਅਤੇ ਸੁਰੱਖਿਅਤ ਰਹਿਣਾ ਚਾਹੁੰਦੀ ਹਾਂ। ਮੈਂ ਫਿਰ ਤੋਂ ਉਹੀ ਪੁਰਾਣੀ ਯਾਸਮੀਨ ਬਣਨਾ ਚਾਹੁੰਦੀ ਹਾਂ'।" ਯਾਸਮੀਨ ਹਾਲੇ ਵੀ ਆਪਣਾ ਪੂਰਾ ਨਾਮ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਹੁਣ ਵੀ ਉਸਨੂੰ ਡਰ ਲੱਗਦਾ ਹੈ।