ਫਰਿਜਨੋ- ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਫਰਿਜ਼ਨੋ ਸਿਟੀ ਦੇ ਨੇੜੇ ਸ਼ਹਿਰ ਮਡੇਰਾ ਵਿਚ ਟਾਕਲ ਬਾਕਸ ਗੈਸ ਸਟੇਸ਼ਨ ਉੱਤੇ ਚੋਰੀ ਕਰਨ ਆਏ ਇਕ ਪੰਜਾਬੀ ਮੁੰਡੇ ਨੇ ਦੂਸਰੇ ਸਿੱਖ ਪੰਜਾਬੀ ਮੁੰਡੇ, ਜਿਸ ਦਾ ਨਾਂਅ ਧਰਮਪ੍ਰੀਤ ਸਿੰਘ ਜੱਸੜ ਸੀ, ਨੂੰ ਬੀਤੇ ਦਿਨੀਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਪੰਜਾਬੀ ਨੌਜਵਾਨ ਉਸ ਗੈਸ ਸਟੇਸ਼ਨ ਉੱਤੇ ਖਜ਼ਾਨਚੀ ਸੀ। ਇਸ ਕਤਲ ਨਾਲ ਸਨਸਨੀ ਫੈਲ ਗਈ ਸੀ।


ਹੁਣ ਜਦੋਂ ਕਾਤਲ ਦਾ ਭੇਦ ਖੁੱਲ੍ਹ ਗਿਆ ਹੈ ਤਾਂ ਪੁਲਿਸ ਨੇ ਦੱਸਿਆ ਕਿ ਇਕ ਲੜਕਾ ਚੋਰੀ ਕਰਨ ਲਈ ਸਵੇਰੇ 11 ਵਜੇ ਸਟੋਰ ਵਿੱਚ ਆਇਆ ਤੇ ਉਸ ਨੇ ਸਿਗਰਟਾਂ ਦੇ ਬੰਡਲ ਚੋਰੀ ਕੀਤੇ ਤੇ ਡੱਬਿਆਂ ਵਿਚ ਪਾ ਲਏ। ਜਾਂਦੇ ਵਕਤ ਉਸ ਨੇ ਉਥੇ ਕੰਮ ਕਰਦੇ ਪੰਜਾਬੀ ਮੁੰਡੇ ਉਤੇ ਗੋਲੀ ਚਲਾ ਦਿੱਤੀ ਤਾਂ ਉਹ ਮੌਕੇ ਉੱਤੇ ਮਰ ਗਿਆ।

ਮ੍ਰਿਤਕ ਪੰਜਾਬੀ ਮੁੰਡੇ ਨੂੰ ਬਾਅਦ ਵਿੱਚ ਇੱਕ ਗ੍ਰਾਹਕ ਨੇ ਦੇਖਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਵੀਡੀਓ ਮੁਤਾਬਿਕ ਮਾਰਨ ਵਾਲੇ ਕਾਤਲ ਪੰਜਾਬੀ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਇਸੇ ਤਰ੍ਹਾਂ ਉਸ ਦੇ ਨਾਲ ਵਾਲੇ ਦੂਸਰੇ ਬੰਦੇ ਨੇ ਮੂੰਹ ਢੱਕਿਆ ਹੋਇਆ ਸੀ ਤੇ ਉਨ੍ਹਾਂ ਦੇ ਹੱਥਾਂ ਵਿਚ ਰਿਵਾਲਵਰ ਸਨ।

ਦੋਸ਼ੀ ਪੰਜਾਬੀ ਨੂੰ 40 ਮਿੰਟਾਂ ਬਾਅਦ ਪੁਲਿਸ ਨੇ ਫੜ ਲਿਆ। ਉਸ ਦਾ ਨਾਂਅ ਅੰਮ੍ਰਿਤਰਾਜ ਸਿੰਘ ਅਠਵਾਲ (22) ਦੱਸਿਆ ਗਿਆ ਹੈ। ਉਸ ਨੂੰ ਮਡੇਰਾ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਦੂਸਰੇ ਦੀ ਭਾਲ ਜਾਰੀ ਹੈ। ਧਰਮਪ੍ਰੀਤ ਸਿੰਘ ਜੱਸੜ ਫਗਵਾੜਾ ਲਾਗੇ ਪਿੰਡ ਖੋਥੜਾਂ ਦਾ ਰਹਿਣ ਵਾਲਾ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।