ਮੌਨਟੇਸਿਟੋ: ਦੱਖਣੀ ਕੈਲੇਫੋਰਨੀਆ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 13 ਵਿਅਕਤੀ ਮਾਰੇ ਗਏ ਜਦਕਿ ਕਈ ਘਰਾਂ ਦਾ ਖੁਰਾ ਖੋਜ ਹੀ ਮਿਟ ਗਿਆ। ਜੜ੍ਹੋਂ ਪੁੱਟੇ ਗਏ ਰੁੱਖਾਂ ਤੇ ਪਾਵਰ ਲਾਈਨਜ਼ ਟੁੱਟ ਜਾਣ ਕਾਰਨ ਰਾਹ ਰੁਕ ਜਾਣ ਤੋਂ ਬਾਅਦ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਬਚਾਅ ਲਈ ਚੜ੍ਹੇ ਲੋਕਾਂ ਨੂੰ ਹੈਲੀਕਾਪਟਰਜ਼ ਦੀ ਮਦਦ ਨਾਲ ਬਚਾਇਆ ਗਿਆ।
ਕਈ ਘੰਟਿਆਂ ਤੱਕ ਮੌਨਟੇਸਿਟੋ ਦੇ ਇੱਕ ਘਰ ਵਿੱਚ ਫਸੀ 14 ਸਾਲਾ ਲੜਕੀ ਨੂੰ ਵੀ ਫਾਇਰਫਾਈਟਰਜ਼ ਵੱਲੋਂ ਮੁਸ਼ਕਲ ਨਾਲ ਬਚਾਇਆ ਗਿਆ। ਲੜਕੀ ਨੇ ਬਾਅਦ ਵਿੱਚ ਆਖਿਆ ਕਿ ਇੱਕ ਮਿੰਟ ਲਈ ਤਾਂ ਉਸ ਨੂੰ ਲੱਗਿਆ ਕਿ ਉਹ ਮਰ ਚੁੱਕੀ ਹੈ।
ਬਹੁਤੀਆਂ ਮੌਤਾਂ ਮੌਨਟੇਸਿਟੋ ਵਿੱਚ ਹੋਈਆਂ ਦੱਸੀਆਂ ਜਾਂਦੀਆਂ ਹਨ। ਸੈਂਟਾ ਬਾਰਬਰਾ ਕਾਊਂਟੀ ਦੇ ਬੁਲਾਰੇ ਡੇਵਿਡ ਵਿੱਲਾਲੋਬੋਸ ਨੇ ਦੱਸਿਆ ਕਿ ਇਹ ਥਾਂ ਲਾਸ ਏਂਜਲਸ ਦੇ ਉੱਤਰਪੱਛਮ ਵਿੱਚ ਹੈ ਜਿੱਥੇ 9,000 ਨਾਮੀ ਗਰਾਮੀ ਲੋਕ ਰਹਿੰਦੇ ਹਨ ਜਿਵੇਂ ਕਿ ਓਪਰਾਹ ਵਿਨਫਰੀ, ਰੌਬ ਲੋਵੇ ਤੇ ਐਲਨ ਡੀਜੈਨਰਜ਼ ਆਦਿ।
ਇਸ ਦੌਰਾਨ ਘੱਟੋ ਘੱਟ 25 ਵਿਅਕਤੀ ਜ਼ਖਮੀ ਹੋ ਗਏ ਤੇ ਕਈ ਲਾਪਤਾ ਵੀ ਦੱਸੇ ਜਾਂਦੇ ਹਨ। ਹਿਲਾਂ ਹੀ ਸੈਂਟਾ ਯਨੇਜ਼ ਪਹਾੜੀਆਂ ਵਿੱਚ ਲੱਗੀ ਅੱਗ ਤੋਂ ਬਾਅਦ ਇੱਕਦਮ ਪਏ ਭਾਰੀ ਮੀਂਹ ਨੂੰ ਪੋਲੀ ਜ਼ਮੀਨ ਸਹਿਨ ਨਹੀਂ ਕਰ ਸਕੀ ਜਿਸ ਕਾਰਨ ਜ਼ਮੀਨ ਖਿਸਕੀ। ਤੇਜ ਪਾਣੀ ਵਿੱਚ ਕਈ ਕਾਰਾਂ ਵੀ ਰੁੜ੍ਹ ਗਈਆਂ ਤੇ ਕਈ ਘਰ ਤਬਾਹ ਹੋ ਗਏ।