ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਲ 2019 ਦਾ ਸ਼ਾਂਤੀ ਨੋਬੇਲ ਪ੍ਰਾਈਜ਼ ਦੇਣ ਲਈ ਨਾਮਜ਼ਦਗੀ ਭੇਜੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਟਰੰਪ ਦੀ ਇਹ ਸਿਫਾਰਿਸ਼ ਅਮਰੀਕੀ ਕਾਨੂੰਨਦਾਨਾਂ ਦੇ ਇੱਕ ਗਰੁੱਪ ਵੱਲੋਂ ਕੀਤੀ ਗਈ ਹੈ। ਉੱਧਰ ਨੋਬੇਲ ਪੁਰਸਕਾਰ ਦੇਣ ਵਾਲੀ ਨਾਰਵੇਈਅਨ ਸੰਸਥਾ ਦੇ ਸਕੱਤਰ ਨੇ ਟਰੰਪ ਦੀ ਸਿਫਾਰਿਸ਼ ਵਾਲੀ ਚਿੱਠੀ 'ਤੇ ਜਾਅਲੀ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ।

 

ਟਰੰਪ ਦੀ ਇਸ ਵੱਡੇ ਪੁਰਸਕਾਰ ਲਈ ਨਾਮਜ਼ਦਗੀ ਭੇਜਣ ਪਿੱਛੇ ਰਿਪਬਲਿਕਨ ਲਾਅਮੇਕਰਜ਼ ਦੇ ਇਸ ਗਰੁੱਪ ਨੇ ਕਾਰਨ ਦੱਸਦੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਉੱਤਰ ਕੋਰੀਆ ਨੇ ਨਾ ਸਿਰਫ਼ ਦੱਖਣੀ ਕੋਰੀਆ ਨਾਲ ਸੁਲ੍ਹਾ ਕੀਤੀ ਬਲਕਿ ਉਹ ਆਪਣੇ ਪਰਮਾਣੂੰ ਹਥਿਆਰ ਨਸ਼ਟ ਕਰਨ ਲਈ ਰਾਜ਼ੀ ਵੀ ਹੋ ਗਿਆ ਹੈ।

ਗਰੁੱਪ ਨੇ ਆਪਣੀ ਸਿਫਾਰਿਸ਼ ਨੂੰ ਲਿਖਤ ਰੂਪ ਵਿੱਚ ਨਾਰਵੇਈਅਨ ਨੋਬੇਲ ਕਮੇਟੀ ਨੂੰ ਭੇਜੀ ਹੈ। ਜੇਕਰ ਟਰੰਪ ਜਿੱਤ ਜਾਂਦਾ ਹੈ ਤਾਂ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪੰਜਵੇਂ ਅਮਰੀਕੀ ਰਾਸ਼ਟਰਪਤੀ ਬਣ ਜਾਣਗੇ।

ਉੱਧਰ, ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਨਾਰਵੇਈਅਨ ਨੋਬੇਲ ਕਮੇਟੀ ਦੇ ਸਕੱਤਰ ਓਲਾਵ ਨਜੋਲਸਤੇਦ ਦਾ ਕਹਿਣਾ ਹੈ ਕਿ ਟਰੰਪ ਦੀ ਨਾਮਜ਼ਦਗੀ ਜਾਅਲੀ ਜਾਪਦੀ ਹੈ। ਨੋਬੇਲ ਕਮੇਟੀ ਹਰ ਸਾਲ 329 ਉਮੀਦਵਾਰਾਂ (217 ਵਿਅਕਤੀਗਤ ਤੇ 112 ਅਦਾਰਿਆਂ) ਦੀ ਹਰ ਸਾਲ ਛਾਂਟੀ ਹੁੰਦੀ ਹੈ ਤੇ ਛੇ ਪੁਰਸਕਾਰਾਂ ਲਈ ਉਮੀਦਵਾਰਾਂ ਦਾ ਐਲਾਨ ਅਕਤੂਬਰ ਵਿੱਚ ਕੀਤਾ ਜਾਂਦਾ ਹੈ। ਇਸੇ ਲਈ ਇਸ ਚੋਣ ਨੂੰ ਦੁਨੀਆ ਦੀ ਸਭ ਤੋਂ ਮੁਸ਼ਕਿਲ ਕਿਹਾ ਜਾ ਸਕਦਾ ਹੈ। ਕਮੇਟੀ ਉਮੀਦਵਾਰਾਂ ਦੇ ਨਾਂਅ ਤੇ ਪਛਾਣ ਗੁਪਤ ਰੱਖੀ ਜਾਂਦੀ ਹੈ।