ਇਨ੍ਹਾ ਵਿਗਿਆਨੀਆਂ ਨੂੰ ਮਿਲੇਗਾ ਸਾਲ 2017 ਦਾ ਨੋਬਲ ਪੁਰਸਕਾਰ
ਏਬੀਪੀ ਸਾਂਝਾ | 04 Oct 2017 08:37 AM (IST)
ਸਟਾਕਹੋਮ : ਸਾਪੇਖਤਾ ਦਾ ਸਿਧਾਂਤ ਦੇਣ ਵਾਲੇ ਮਹਾਨ ਵਿਗਿਆਨਕ ਅਲਬਰਟ ਆਈਨਸਟਾਈਨ ਦੇ ਪੂਰਵ ਅਨੁਮਾਨ ਦੇ ਸੌ ਸਾਲ ਬਾਅਦ ਗੁਰੂਤਾ ਤਰੰਗਾਂ ਦਾ ਪਤਾ ਲਗਾਉਣ ਵਾਲੇ ਤਿੰਨ ਅਮਰੀਕੀ ਵਿਗਿਆਨੀਆਂ ਨੂੰ ਸਾਲ 2017 ਦਾ ਭੌਤਿਕੀ ਦਾ ਨੋਬਲ ਪੁਰਸਕਾਰ ਦਿੱਤਾ ਜਾਏਗਾ। ਨੋਬਲ ਪੁਰਸਕਾਰ ਕਮੇਟੀ ਨੇ ਮੰਗਲਵਾਰ ਨੂੰ ਇਸ ਪੁਰਸਕਾਰ ਲਈ ਰੇਨਰ ਵਿਸ, ਬੈਰੀ ਬੈਰਿਸ਼ ਅਤੇ ਕਿਪ ਥੋਰਨ ਦੇ ਨਾਵਾਂ ਦਾ ਐਲਾਨ ਕੀਤਾ। ਗੁਰੂਤਾ ਤਰੰਗਾਂ ਨੂੰ ਪਹਿਲੀ ਵਾਰ ਸਤੰਬਰ, 2015 'ਚ ਅਤੇ ਚੌਥੀ ਵਾਰ ਇਸ ਸਾਲ 14 ਅਗਸਤ ਨੂੰ ਵੇਖਿਆ ਗਿਆ ਸੀ। ਇਸ ਦੀ ਮਦਦ ਨਾਲ ਬ੍ਰਹਿਮੰਡ 'ਚ ਹੋਣ ਵਾਲੀਆਂ ਗਤੀਵਿਧੀਆਂ ਦਾ ਪਤਾ ਲਗਾਇਆ ਜਾ ਸਕੇਗਾ। ਤਿੰਨੋਂ ਖਗੋਲ ਵਿਗਿਆਨਕਾਂ ਨੂੰ 11 ਲੱਖ ਡਾਲਰ (ਲਗਪਗ 7.20 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ।