ਨਵੀਂ ਦਿੱਲੀ: ਉੱਤਰੀ ਕੋਰੀਆ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਏਸ਼ਿਆਈ ਮੁਲਕਾਂ 'ਚ ਘੁੰਮ ਕੇ ਉਸ ਖਿਲਾਫ ਜੰਗ ਦੀ ਸਾਜ਼ਿਸ਼ ਕਰ ਰਹੇ ਹਨ। ਕੋਰੀਆ ਵੱਲੋਂ ਇਸ ਨੂੰ ਜੰਗ ਦੀ ਸ਼ੁਰੂਆਤ ਕਰਨ ਵਾਲੀ ਫੇਰੀ ਕਿਹਾ ਗਿਆ ਹੈ। ਨੌਰਥ ਕੋਰੀਆ ਨੇ ਕਿਹਾ ਕਿ ਡੋਨਾਲਡ ਟ੍ਰੰਪ ਕੋਰਿਆਈ ਇਲਾਕਿਆਂ 'ਚ ਘੁੰਮ ਕੇ ਜੰਗ ਦੀ ਭੀਖ ਮੰਗ ਰਹੇ ਹਨ। ਨੌਰਥ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਏਸ਼ੀਆ ਦੀ ਫੇਰੀ ਦੌਰਾਨ ਟ੍ਰੰਪ ਦਾ ਵਿਨਾਸ਼ਕਾਰੀ ਚਿਹਰਾ ਦੁਨੀਆ ਨੂੰ ਵਿਖਾਈ ਦੇ ਰਿਹਾ ਹੈ। ਟ੍ਰੰਪ ਆਪਣੇ ਏਸ਼ੀਆ ਦੌਰੇ ਦੌਰਾਨ ਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਨੂੰ ਰੋਕਣ ਲਈ ਸਮਰਥਨ ਮੰਗ ਰਹੇ ਹਨ। ਕੋਰੀਆ ਨੇ ਇਸ 'ਤੇ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਆਪਣੀ ਪਰਮਾਣੂ ਤਾਕਤ ਵਧਾਉਣ 'ਚ ਹੋਰ ਮਦਦ ਮਿਲੇਗੀ। ਡੋਨਾਲਡ ਟ੍ਰੰਪ ਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਨੂੰ ਰੋਕਣ ਲਈ ਖੇਤਰੀ ਸ਼ਕਤੀਆਂ ਤੋਂ ਕੋਰੀਆ ਸਰਕਾਰ ਖਿਲਾਫ ਇਕੱਠੇ ਹੋਣ ਦੀ ਗੱਲ ਕਰ ਰਹੇ ਹਨ। ਟ੍ਰੰਪ ਨੇ ਆਪਣੀ ਏਸ਼ੀਆ ਫੇਰੀ ਦੌਰਾਨ ਬੁੱਧਵਾਰ ਨੂੰ ਉੱਤਰੀ ਕੋਰੀਆ ਨੂੰ ਧਮਕਾਉਂਦੇ ਹੋਏ ਕਿਹਾ ਸੀ ਕਿ ਅਮਰੀਕਾ ਨੂੰ ਘੱਟ ਸਮਝਣ ਦੀ ਕਦੇ ਭੁੱਲ ਨਾ ਕਰੇ। ਇਸ ਤੋਂ ਬਾਅਦ ਕੋਰੀਆ ਵੱਲੋਂ ਇਹ ਜੁਆਬ ਆਇਆ ਹੈ, ਜਿਸ 'ਚ ਸਿੱਧਾ-ਸਿੱਧਾ ਟ੍ਰੰਪ ਨੂੰ ਧਮਕਾਇਆ ਗਿਆ ਹੈ।