ਉੱਤਰੀ ਕੋਰੀਆ ਦੇ ਮਿਜ਼ਾਈਲ ਦਾਗਣ ਮਗਰੋਂ ਅਮਰੀਕਾ 'ਚ ਹਿੱਲਜੁੱਲ, ਕੋਰੀਆ ਨੂੰ ਤਬਾਹ ਕਰਨ ਦੀ ਧਮਕੀ
ਏਬੀਪੀ ਸਾਂਝਾ | 30 Nov 2017 04:23 PM (IST)
ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਮਾਹੌਲ ਗਰਮ ਹੋ ਗਿਆ ਹੈ। ਅਮਰੀਕਾ ਨੇ ਯੂ.ਐਨ. ਦੀ ਐਮਰਜੈਂਸੀ ਬੈਠਕ ਵਿੱਚ ਕਿਹਾ ਕਿ ਜੇਕਰ ਸਾਡੇ 'ਤੇ ਯੁੱਧ ਥੋਪਿਆ ਗਿਆ ਤਾਂ ਅਸੀਂ ਉੱਤਰੀ ਕੋਰੀਆ ਨੂੰ ਤਬਾਹ ਕਰ ਦਿਆਂਗੇ। ਇਸ ਦੇ ਨਾਲ ਹੀ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਉੱਤਰੀ ਕੋਰੀਆ ਨਾਲ ਹਰ ਤਰ੍ਹਾਂ ਦੇ ਰਿਸ਼ਤੇ ਖ਼ਤਮ ਕਰ ਦੇਣ। ਇਸ ਤੋਂ ਇਲਾਵਾ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਵੀ ਗੱਲ ਕਰਕੇ ਉੱਤਰੀ ਕੋਰੀਆ ਨੂੰ ਤੇਲ ਸਪਲਾਈ ਬੰਦ ਕਰ ਦੇਣ ਲਈ ਕਿਹਾ। ਫਰਵਰੀ 2017 ਤੋਂ ਹੁਣ ਤੱਕ 23 ਮਿਜ਼ਾਈਲਾਂ ਦਾ ਪ੍ਰੀਖਣ ਕਰਵਾ ਚੁੱਕੇ ਕਿਮ ਜੌਂਗ ਨੇ ਇੱਕ ਵਾਰ ਫਿਰ ਆਪਣੇ ਖ਼ਤਰਨਾਕ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਇਸ ਵਾਰ ਜਿਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਉਹ ਹੁਵਾਸਾਂਗ 15 ਹੈ। ਹੁਵਾਸਾਂਗ 15 ਲੰਬੀ ਦੂਰੀ ਦੀ ਮਿਸਾਇਲ ਹੈ। ਦਾਅਵਾ ਹੈ ਕਿ ਇਹ ਮਿਸਾਇਲ 50 ਮਿੰਟ ਤੱਕ ਅਸਮਾਨ ਵਿੱਚ ਰਹੀ ਤੇ ਕਰੀਬ 4500 ਕਿਲੋਮੀਟਰ ਦੀ ਉਚਾਈ ਤੱਕ ਗਈ। ਉਸ ਤੋਂ ਬਾਅਦ ਇਹ ਮਿਸਾਇਲ 'ਸੀ ਆਫ਼ ਜਾਪਾਨ' ਵਿੱਚ ਜਾ ਕੇ ਡਿੱਗੀ। ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਹੁਵਾਸਾਂਗ 15 ਦੀ ਰੇਂਜ ਵਿੱਚ ਪੂਰਾ ਅਮਰੀਕਾ ਆ ਗਿਆ ਹੈ। ਅਮਰੀਕਾ ਤੇ ਉੱਤਰ ਕੋਰੀਆ ਦੇ ਦਰਮਿਆਨ ਦੂਰੀ 11000 ਕਿਲੋਮੀਟਰ ਹੈ ਜਦਕਿ ਇਹ ਮਿਸਾਇਲ 13,000 ਕਿਲੋਮੀਟਰ ਦੂਰ ਮਾਰ ਕਰ ਸਕਦੀ ਹੈ। ਟੈਸਟ ਦੇ ਕੁਝ ਘੰਟਿਆਂ ਬਾਅਦ ਹੀ ਦੱਖਣੀ ਕੋਰੀਆ ਨੇ ਸਿਓਲ ਤੋਂ ਕਰੀਬ 40 ਕਿਲੋਮੀਟਰ ਦੂਰ ਯਾਂਗਪਿਓਂਗ ਮਿਲਟਰੀ ਬੇਸ 'ਤੇ ਆਪਣੀ ਤਾਕਤ ਦਾ ਨਮੂਨਾ ਦਿਖਾਉਂਦਿਆਂ ਸਟੀਕ ਨਿਸ਼ਾਨੇ ਵਾਲੀਆਂ ਤਿੰਨ ਮਿਸਾਇਲਾਂ ਦਾ ਪ੍ਰੀਖਣ ਕੀਤਾ। ਜਾਪਾਨ, ਅਮਰੀਕਾ, ਦੱਖਣੀ ਕੋਰੀਆ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਨੇ ਉੱਤਰੀ ਕੋਰੀਆ ਦੇ ਮਿਸਾਇਲ ਪ੍ਰੀਖਣ ਦਾ ਵਿਰੋਧ ਕੀਤਾ ਹੈ। ਡੌਨਲਡ ਟਰੰਪ ਨੇ ਕਿਹਾ, ''ਤੁਸੀਂ ਵੀ ਸੁਣਿਆ ਹੋਵੇਗਾ ਕਿ ਉੱਤਰੀ ਕੋਰੀਆ ਨੇ ਮਿਸਾਇਲ ਪ੍ਰੀਖਣ ਕੀਤਾ ਹੈ। ਅਸੀਂ ਇਸ ਦਾ ਧਿਆਨ ਰੱਖਾਂਗੇ। ਜਨਰਲ ਮੈਟਿਸ ਸਾਡੇ ਨਾਲ ਹਨ ਤੇ ਇਸ ਤੇ ਅਸੀਂ ਲੰਬੀ ਚਰਚਾ ਕੀਤੀ ਹੈ। ਹਾਲਾਤ ਨੂੰ ਅਸੀਂ ਕਾਬੂ ਵਿੱਚ ਕਰ ਲਵਾਂਗੇ।" ਇਸ ਤੋਂ ਪਹਿਲਾਂ ਉੱਤਰੀ ਕੋਰੀਆ ਹਾਈਡ੍ਰੋਜਨ ਬੰਬ ਦਾ ਵੀ ਪ੍ਰੀਖਣ ਕਰ ਚੁੱਕਾ ਹੈ ਜੋ ਪਰਮਾਣੂ ਬੰਬ ਤੋਂ ਵੀ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਉੱਤਰੀ ਕੋਰੀਆ ਤਮਾਮ ਪਾਬੰਦੀਆਂ ਦੇ ਬਾਵਜੂਦ ਲਗਾਤਾਰ ਮਿਸਾਇਲ ਪ੍ਰੀਖਣ ਕਰ ਰਿਹਾ ਹੈ। ਅਜਿਹੇ ਵਿੱਚ ਜੇਕਰ ਅਮਰੀਕਾ ਫੌਜੀ ਕਾਰਵਾਈ ਕਰਦਾ ਹੈ ਤਾਂ ਪਰਮਾਣੂ ਜੰਗ ਦਾ ਹੋਣਾ ਤੈਅ ਹੈ।