ਵਾਸ਼ਿੰਗਟਨ: ਉੱਤਰੀ ਕੋਰੀਆ ਦੇ ਯੂਐਨ 'ਚ ਡਿਪਟੀ ਅੰਬੈਸਡਰ ਕਿਮ ਇਨ ਰੇਯੋਂਗ ਨੇ ਧਮਕੀ ਦਿੱਤੀ ਹੈ ਕਿ ਕੋਰਿਆਈ ਟਾਪੂ 'ਚ ਜਿਵੇਂ ਦੇ ਹਾਲਾਤ ਹਨ, ਉਸ ਤੋਂ ਲੱਗਦਾ ਹੈ ਕਿ ਉੱਥੇ ਕਦੇ ਵੀ ਪਰਮਾਣੂ ਜੰਗ ਹੋ ਸਕਦੀ ਹੈ। ਉੱਤਰੀ ਕੋਰੀਆ ਹੀ ਇਕੱਲਾ ਦੇਸ਼ ਹੈ ਜਿਸ ਨੂੰ ਦੁਨੀਆ 'ਤੇ ਖਤਰੇ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਸਾਡੇ ਦੇਸ਼ ਨੂੰ ਵੀ ਆਪਣੀ ਸੁਰੱਖਿਆ ਲਈ ਪਰਮਾਣੂ ਹਥਿਆਰ ਬਣਾਉਣ ਦਾ ਹੱਕ ਹੈ।


ਨਿਊਜ਼ ਏਜੰਸੀ ਮੁਤਾਬਕ ਹਰ ਸਾਲ ਵੱਡੇ ਪੈਮਾਨੇ 'ਤੇ ਫੌਜੀ ਅਭਿਆਸ ਹੁੰਦਾ ਹੈ। ਇਨ੍ਹਾਂ 'ਚ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਹੁੰਦਾ ਹੈ। ਰੇਯੋਂਗ ਨੇ ਇਹ ਗੱਲ ਯੂ.ਐਨ. ਜਨਰਲ ਅਸੈਂਬਲੀ ਦੀ ਨਿਸਸ਼ਤਰੀਕਰਨ ਕਮੇਟੀ ਸਾਹਮਣੇ ਆਖੀ। ਸਭ ਤੋਂ ਜ਼ਿਆਦਾ ਖਤਰਨਾਕ ਤਾਂ ਇਹ ਹੈ ਕਿ ਅਮਰੀਕਾ ਆਪਣੇ ਖੁਫੀਆ ਆਪ੍ਰੇਸ਼ਨ ਨਾਲ ਸਾਡੇ ਸੁਪਰੀਮ ਲੀਡਰ ਨੂੰ ਖਤਮ ਕਰਨਾ ਚਾਹੁੰਦਾ ਹੈ।

ਉੱਤਰੀ ਕੋਰੀਆ ਨੇ ਆਪਣਾ ਪਰਮਾਣੂ ਪ੍ਰੋਗਰਾਮ ਖਤਮ ਕਰ ਲਿਆ ਹੈ। ਹੁਣ ਅਸੀਂ ਐਟਮੀ ਤਾਕਤ ਵਾਲੇ ਮੁਲਕ ਬਣ ਗਏ ਹਾਂ। ਸਾਡੇ 'ਤੇ ਕਾਰਵਾਈ ਦਾ ਮਤਲਬ ਹੋਵੇਗਾ ਕਿ ਵਿਰੋਧੀ ਮੁਲਕ ਨੂੰ ਪਰਮਾਣੂ, ਹਾਈਡ੍ਰੋਜਨ ਤੇ ਇੰਟਰਨੈਸ਼ਨਲ ਬੈਲਿਸਟਿਕ ਮਿਸਾਈਲ ਦਾ ਹਮਲਾ ਝੱਲਣਾ ਪਵੇਗਾ। ਪੂਰਾ ਅਮਰੀਕਾ ਸਾਡੀ ਜਦ 'ਚ ਹੈ। ਜੇਕਰ ਅਮਰੀਕਾ ਨੇ ਸਾਡੇ ਦੇਸ਼ 'ਚ ਇੱਕ ਇੰਚ ਆਉਣ ਦੀ ਹਿੰਮਤ ਕੀਤੀ ਤਾਂ ਇਸ ਦੇ ਨਤੀਜੇ ਖਤਰਨਾਕ ਨਿਕਲਣਗੇ।