ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਏਬੀਪੀ ਸਾਂਝਾ | 22 Sep 2017 12:49 PM (IST)
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ 'ਤੇ ਨਵੀਆਂ ਪਾਬੰਦੀਆਂ ਜਾਰੀ ਕਰ ਦਿੱਤੀਆਂ ਹਨ। ਅਮਰੀਕੀ ਰਾਸ਼ਟਰਪਤੀ ਦੇ ਇਸ ਫੈਸਲੇ ਤੋਂ ਨਿਰਾਸ਼ ਪਿਓਂਗਯੌਂਗ ਦੇ ਨੇਤਾ ਕਿਮ ਜੋਂਗ ਨੇ ਟਰੰਪ ਨੂੰ ਪਾਗਲ ਦੱਸਦੇ ਹੋਏ ਕਿਹਾ ਹੈ ਕਿ ਉਹ ਪਰਮਾਣੂ ਤੇ ਮਿਸਾਈਲ ਪ੍ਰੋਗਰਾਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਖਿਲਾਫ ਹੋਰ ਤਰੀਕਿਆਂ ਨਾਲ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਧਮਕੀ ਵੀ ਦਿੱਤੀ ਹੈ। ਪਿਓਂਗਯਾਂਗ ਨੇ ਕਿਹਾ ਹੈ ਕਿ ਜੇਕਰ ਯੂਐਸ ਉਸ ਖਿਲਾਫ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਕਰਦਾ ਹੈ ਤਾਂ ਉਹ ਆਪਣਾ ਸਭ ਤੋਂ ਤਾਕਤਵਰ ਪਰਮਾਣੂ ਬੰਬ ਪ੍ਰਸ਼ਾਂਤ ਮਹਾਸਾਗਰ 'ਚ ਸੁੱਟੇਗਾ। ਉੱਤਰ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗਹੋ ਨੇ ਕਿਹਾ ਕਿ ਪ੍ਰਸ਼ਾਂਤ ਮਹਾਸਾਗਰ 'ਚ ਇਹ ਹੁਣ ਤੱਕ ਦਾ ਸੱਭ ਤੋਂ ਵੱਡਾ ਧਮਾਕਾ ਹੋਵੇਗਾ। ਇਸ ਤੋਂ ਪਹਿਲਾਂ ਕੋਰੀਆ ਨੇ ਪਾਵਰ ਗ੍ਰੇਡ ਛੱਡਣ ਦੀ ਧਮਕੀ ਦਿੱਤੀ ਸੀ। ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ 'ਚ ਆਪਣੇ ਪਹਿਲੇ ਭਾਸ਼ਣ 'ਚ ਉੱਤਰ ਕੋਰੀਆ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ। ਟਰੰਪ ਨੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ ਦਾ ਮਜ਼ਾਕ ਉਡਾਉਂਦੇ ਹੋਏ ਰੌਕੇਟ ਮੈਨ ਕਿਹਾ ਸੀ। ਟਰੰਪ ਨੇ ਕਿਹਾ ਸੀ ਕਿ ਕਿਮ ਨੂੰ ਨਹੀਂ ਪਤਾ ਕਿ ਉਹ ਖੁਦਕੁਸ਼ੀ ਕਰਨ ਦੇ ਰਸਤੇ 'ਤੇ ਤੁਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਕੋਰੀਆ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਚੀਨ ਦੇ ਸੈਂਟਰਲ ਬੈਂਕ ਨੇ ਹੋਰ ਚੀਨੀ ਬੈਂਕਾਂ ਨੂੰ ਪਿਓਂਗਯਾਂਗ ਨਾਲ ਕਾਰੋਬਾਰ ਰੋਕਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਵੀ ਉੱਤਰੀ ਕੋਰੀਆ 'ਤੇ ਪਰਮਾਣੂ ਪ੍ਰੀਖਣ ਕਰਨ 'ਤੇ ਨਵੀਆਂ ਪਾਬੰਦੀਆਂ ਲਾਈਆਂ ਹਨ। ਸੁਰੱਖਿਆ ਪ੍ਰੀਸ਼ਦ 2006 ਤੋਂ ਹੁਣ ਤੱਕ 9 ਵਾਰ ਉੱਤਰ ਕੋਰੀਆ 'ਤੇ ਪਾਬੰਦੀਆਂ ਲਾ ਚੁੱਕਿਆ ਹੈ। ਇਸ ਤੋਂ ਪਹਿਲਾਂ ਉੱਤਰ ਕੋਰੀਆ ਦੇ ਵਿਦੇਸ਼ ਮੰਤਰੀ ਰਿ ਯੋਂਗ ਹੋ ਨੇ ਟਰੰਪ ਦੇ ਭਾਸ਼ਣ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਸੰਯੁਕਤ ਰਾਸ਼ਟਰ 'ਚ ਟਰੰਪ ਦਾ ਭਾਸ਼ਣ ਭੌਂਕਣ ਵਾਂਗ ਲੱਗ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਕੁੱਤਾ ਭੌਂਕਦਾ ਹੈ, ਕਾਫਲਾ ਤੁਰਦਾ ਰਹਿੰਦਾ ਹੈ।