ਸਿਓਲ : ਨਾਰਥ ਕੋਰੀਆ ਦੇ ਪ੍ਰਮਾਣੂ ਅਤੇ ਮਿਸਾਇਲ ਪ੍ਰੋਗਰਾਮਾਂ ਨੂੰ ਲੈ ਕੇ ਜਾਰੀ ਤਣਾਅ ਵਿਚਾਲੇ ਕਲ ਅਮਰੀਕਾ ਦੇ ਦੋ ਸੁਪਰਸੋਨਿਕ ਬੀ-1 ਬੀ ਜੰਗੀ ਜਹਾਜ਼ਾਂ ਨੂੰ ਕੋਰੀਆ ਦਵੀਪ 'ਤੇ ਉਡਾਨ ਭਰਦੇ ਵੇਖਿਆ ਗਿਆ। ਇਹ ਜਾਣਕਾਰੀ ਅੱਜ ਸਾਉਥ ਕੋਰੀਆ ਦੀ ਯੋਨਹਾਪ ਸਮਾਚਾਰ ਏਜੰਸੀ ਨੇ ਦਿੱਤੀ ਹੈ। ਫਿਲਹਾਲ ਅਮਰੀਕੀ ਫੌਜ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ ਉੱਤਰ ਕੋਰੀਆ ਵਲੋਂ ਧਮਕੀ ਦਿੱਤੀ ਜਾ ਚੁੱਕੀ ਹੈ ਕਿ ਜੇਕਰ ਭਵਿੱਖ 'ਚ ਕੋਰੀਆਈ ਦਵੀਪ 'ਚ ਜੰਗ ਹੁੰਦੀ ਹੈ ਤਾਂ ਜਾਪਾਨ ਨੂੰ ਇਸ ਦਾ ਨੁਕਸਾਨ ਚੁੱਕਣਾ ਪਵੇਗਾ ਅਤੇ ਉਹ ਟੁਕੜੇ-ਟੁਕੜੇ ਹੋ ਜਾਵੇਗਾ। ਇਕ ਮੀਡੀਆ ਰਿਪੋਰਟ ਮੁਤਾਬਕ ਸੋਮਵਾਰ ਕੋਰੀਆ ਵਲੋਂ ਕਿਹਾ ਗਿਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਜੰਗ ਲਈ ਤਿਆਰ ਹਨ। ਉਨ੍ਹਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਤਾਨਾਸ਼ਾਹ ਕਿਮ ਜੋਂਗ ਉਨ ਨੇ ਅਮਰੀਕਾ 'ਤੇ ਪਰਮਾਣੂ ਹਮਲਾ ਕਰਨ ਦੀ ਵੀ ਗੱਲ ਆਖੀ ਹੈ। ਤਾਨਾਸ਼ਾਹ ਉਨ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਨੌਰਥ ਕੋਰੀਆ ਨੂੰ ਭੜਕਾਉਣਾ ਜਾਰੀ ਰੱਖਿਆ ਤਾਂ ਫਿਰ ਅਮਰੀਕਾ 'ਤੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨਾ ਪਵੇਗਾ। ਨੌਰਥ ਕੋਰੀਆ ਵਲੋਂ ਇਹ ਧਮਕੀ ਉਸ ਵੇਲੇ ਆਈ ਜਦ ਅਮਰੀਕਾ ਦੇ ਜੰਗੀ ਜੈਟ ਇਸ ਦੇਸ਼ ਦੀ ਸਰਹਦ ਤੱਕ ਪੁੱਜ ਗਏ ਸੀ। ਕਿਮ ਜੋਂਗ ਉਨ ਨੇ ਕਿਹਾ ਸੀ ਕਿ ਅਮਰੀਕਾ ਲੜਾਈ ਲਈ ਬੇਚੈਨ ਹੋ ਰਿਹਾ ਹੈ ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਉਹ ਇਸੇ ਤਰ੍ਹਾਂ ਰੀਐਕਟ ਕਰਦਾ ਰਿਹਾ ਤਾਂ ਉਸ ਨੂੰ ਪਰਮਾਣੂ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ।