Norway Princess Marriage: ਨਾਰਵੇ ਦੀ ਰਾਜਕੁਮਾਰੀ ਮਾਰਥਾ ਲੁਈਸ ਇਸ ਹਫਤੇ ਦੇ ਅੰਤ ਤੱਕ ਇੱਕ ਸਵੈ-ਘੋਸ਼ਿਤ ਜਾਦੂਗਰ ਨਾਲ ਵਿਆਹ ਕਰਨ ਜਾ ਰਹੀ ਹੈ। ਜੋ ਦਾਅਵਾ ਕਰਦਾ ਹੈ ਕਿ ਉਹ ਮੌਤ ਤੋਂ ਬਾਅਦ ਦੁਬਾਰਾ ਜ਼ਿੰਦਾ ਹੋ ਗਿਆ ਹੈ। ਰਾਜਕੁਮਾਰੀ ਲੁਈਸ ਤੇ ਉਸਦੀ ਅਮਰੀਕੀ ਮੰਗੇਤਰ ਡੂਰੇਕ ਵੇਰੇਟ ਗੇਰੇਂਜਰ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਵਿਆਹ ਕਰਨਗੇ। ਇਹ ਸਥਾਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੈ।


ਰਾਜਕੁਮਾਰੀ ਤੇ ਜਾਦੂਗਰ ਦੇ ਵਿਆਹ ਨੂੰ ਲੈ ਕੇ ਸਮਾਗਮ ਸ਼ੁਰੂ ਹੋ ਗਏ ਹਨ, ਐਨਡੀਟੀਵੀ ਦੀ ਰਿਪੋਰਟ ਦੇ ਅਨੁਸਾਰ, ਇਵੈਂਟ ਦੀ ਸ਼ੁਰੂਆਤ ਐਲਸੁੰਡ ਦੇ ਇੱਕ ਇਤਿਹਾਸਕ ਹੋਟਲ ਵਿੱਚ 'ਮੀਟ ਐਂਡ ਗ੍ਰੀਟ' ਨਾਲ ਹੋਈ। ਇਸ ਸਮਾਗਮ ਵਿੱਚ ਸੈਂਕੜੇ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਵਿੱਚ ਸਵੀਡਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਅਮਰੀਕੀ ਟੀਵੀ ਹਸਤੀਆਂ ਸ਼ਾਮਲ ਸਨ। 


ਰਾਜਕੁਮਾਰੀ ਮਾਰਥਾ ਲੁਈਸ ਨਾਰਵੇ ਦੇ ਰਾਜਾ ਹਰਲਡ V ਦੀ ਸਭ ਤੋਂ ਵੱਡੀ ਬੱਚੀ ਹੈ ਤੇ ਇੱਕ ਵਾਰ ਇੱਕ ਮੁਕਾਬਲੇ ਵਾਲੀ ਰਾਈਡਰ ਸੀ। ਦੂਜੇ ਪਾਸੇ 49 ਸਾਲਾ ਵੇਰੇਟ ਹਾਲੀਵੁੱਡ ਦਾ ਅਧਿਆਤਮਿਕ ਗੁਰੂ ਹੈ ਤੇ ਆਪਣੇ ਆਪ ਨੂੰ ਜਾਦੂਗਰ ਦੱਸਦਾ ਹੈ। ਡਿਊਰੇਕ ਨੇ 2020 ਵਿੱਚ ਵੈਨਿਟੀ ਫੇਅਰ ਨਾਲ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸਦੀ ਮੌਤ 28 ਸਾਲ ਦੀ ਉਮਰ ਵਿੱਚ ਹੋਈ ਸੀ। ਇਸ ਦੌਰਾਨ ਉਸ ਨੂੰ ਕਈ ਚੀਜ਼ਾਂ ਦਾ ਅਨੁਭਵ ਹੋਇਆ। ਮੁੜ ਸੁਰਜੀਤ ਹੋਣ ਤੋਂ ਬਾਅਦ, ਉਸਨੇ ਦੋ ਮਹੀਨੇ ਕੋਮਾ ਵਿੱਚ ਅਤੇ ਅੱਠ ਸਾਲ ਡਾਇਲਸਿਸ 'ਤੇ ਬਿਤਾਏ, ਜਦੋਂ ਤੱਕ ਉਸਦੀ ਭੈਣ ਨੇ 2012 ਵਿੱਚ ਇੱਕ ਗੁਰਦਾ ਦਾਨ ਨਹੀਂ ਕੀਤਾ। ਵੇਰੇਟ ਦਾ ਮੰਨਣਾ ਹੈ ਕਿ ਠੀਕ ਕਰਨ ਲਈ ਉਸਨੂੰ ਆਪਣੇ 'ਸੀਮਤ ਦਿਮਾਗ' ਦੀ ਬਜਾਏ ਆਪਣੀ 'ਵੱਡੀ ਆਤਮਾ' ਨਾਲ ਸੋਚਣ ਦੀ ਲੋੜ ਸੀ।


ਵੇਰੇਟ ਇੱਕ ਅਫਰੀਕੀ-ਅਮਰੀਕੀ ਅਧਿਆਤਮਿਕ ਸਲਾਹਕਾਰ ਹੈ ਜੋ ਆਪਣੇ ਪੈਰੋਕਾਰਾਂ ਵਿੱਚ ਗਵਿਨੇਥ ਪੈਲਟਰੋ ਅਤੇ ਐਂਟੋਨੀਓ ਬੈਂਡਰਸ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਗਿਣਦਾ ਹੈ। ਉਸ ਦਾ ਦਾਅਵਾ ਹੈ ਕਿ ਕੈਂਸਰ ਦਾ ਇਲਾਜ ਮਨੁੱਖੀ ਦਿਮਾਗ ਰਾਹੀਂ ਕੀਤਾ ਜਾ ਸਕਦਾ ਹੈ। ਆਪਣੀ ਵੈੱਬਸਾਈਟ 'ਤੇ ਉਸ ਨੇ ਖੁਦ ਨੂੰ ਜਾਦੂਗਰ ਦੱਸਿਆ ਹੈ। ਵਰਤਮਾਨ ਵਿੱਚ ਵੇਰੇਟ ਦੇ ਇਹਨਾਂ ਦਾਅਵਿਆਂ ਦੇ ਖਿਲਾਫ ਕਈ ਮੀਡੀਆ ਰਿਪੋਰਟਾਂ ਹਨ, ਜਿਸ ਵਿੱਚ ਉਸਨੂੰ ਇੱਕ ਧੋਖੇਬਾਜ਼ ਅਤੇ ਪਾਖੰਡੀ ਕਿਹਾ ਗਿਆ ਹੈ। ਮਾਰਥਾ ਲੁਈਸ ਅਤੇ ਡਿਊਰੇਕ ਵੇਰੇਟ ਨੇ ਜੂਨ 2022 ਵਿੱਚ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ, ਹੁਣ ਦੋਵੇਂ ਵਿਆਹ ਕਰ ਰਹੇ ਹਨ।