Typhoon Shanshan in Japan: ਜਾਪਾਨ 'ਚ 'ਸ਼ਾਨਸ਼ਾਨ' ਤੂਫਾਨ ਨੇ ਤਬਾਹੀ ਮਚਾਈ ਹੈ। ਤੇਜ਼ ਹਵਾ ਅਤੇ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ 'ਚ ਹੁਣ ਤੱਕ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਖ਼ਤਰੇ ਦੇ ਮੱਦੇਨਜ਼ਰ 50 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਇਹ ਚੱਕਰਵਾਤ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਸਰਕਾਰ ਨੇ ਖਤਰੇ ਵਾਲੇ ਇਲਾਕਿਆਂ 'ਚ ਅਲਰਟ ਜਾਰੀ ਕੀਤਾ ਹੈ।
ਹਵਾਈ ਅਤੇ ਰੇਲ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਕਈ ਇਲਾਕਿਆਂ 'ਚ 2.5 ਲੱਖ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ ਹੋ ਗਈ। ਜਾਪਾਨ ਦੀ ਮੌਸਮ ਏਜੰਸੀ ਨੇ ਕਿਹਾ ਕਿ ਤੂਫਾਨ ਦੇ ਦੱਖਣ-ਪੱਛਮੀ ਟਾਪੂ ਕਿਯੂਸ਼ੂ ਦੇ ਨੇੜੇ ਪਹੁੰਚਣ 'ਤੇ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਸੈਂਕੜੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਤੂਫਾਨ ਦੀ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਹੈ। ਕੁਝ ਖੇਤਰਾਂ ਵਿੱਚ ਪਹਿਲਾਂ ਹੀ 700 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋ ਚੁੱਕੀ ਹੈ, ਜੋ ਕਿ ਲੰਡਨ ਵਿੱਚ ਪੂਰੇ ਸਾਲ ਵਿੱਚ ਹੋਣ ਵਾਲੀ ਬਰਸਾਤ ਦੇ ਬਰਾਬਰ ਹੈ। ਕਾਰਾਂ ਪਲਟ ਗਈਆਂ ਅਤੇ ਦਰੱਖਤ ਉਖੜ ਗਏ, ਜਦੋਂ ਕਿ 2.5 ਲੱਖ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ।
ਮਕਾਨ ਢਹਿ ਗਏ, ਚਾਰ ਲੋਕਾਂ ਦੀ ਗਈ ਜਾਨ
ਜਾਪਾਨੀ ਮੀਡੀਆ NHK ਦੇ ਅਨੁਸਾਰ, ਕੇਂਦਰੀ ਏਚੀ ਸੂਬੇ ਵਿੱਚ ਜ਼ਮੀਨ ਖਿਸਕਣ ਕਰਕੇ ਇੱਕ ਘਰ ਦੇ ਢਹਿ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੱਛਮ ਵਿੱਚ ਤੋਕੁਸ਼ੀਮਾ ਵਿੱਚ ਇੱਕ ਛੱਤ ਡਿੱਗਣ ਨਾਲ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹੁਣ ਤੱਕ ਚਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਾਪਾਨ ਮੌਸਮ ਵਿਗਿਆਨ ਏਜੰਸੀ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਗਿਆ ਕਿ ਟੋਕੀਓ ਦੀਆਂ ਕਈ ਨਦੀਆਂ ਹੜ੍ਹ ਦੇ ਖਤਰੇ ਦੇ ਪੱਧਰ ਨੂੰ ਪਾਰ ਕਰ ਚੁੱਕੀਆਂ ਹਨ। ਮੇਗੂਰੋ, ਨੋਗਾਵਾ ਅਤੇ ਸੇਂਗਵਾ ਨਦੀਆਂ ਦੇ ਨੇੜੇ ਅਲਰਟ ਜਾਰੀ ਕੀਤਾ ਗਿਆ ਹੈ।
ਗੰਭੀਰ ਸਥਿਤੀ ਨੂੰ ਦੇਖਦਿਆਂ ਹੋਇਆਂ ਸਾਰੇ ਸਰਕਾਰੀ ਵਿਭਾਗਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਫਿਲਹਾਲ 219 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਕਿਹਾ ਕਿ ਤੂਫਾਨ ਕਾਰਨ 8 ਲੱਖ ਲੋਕਾਂ ਨੂੰ ਇੱਥੋਂ ਦੂਜੀ ਥਾ 'ਤੇ ਭੇਜਿਆ ਜਾਵੇਗਾ। ਰਾਜਧਾਨੀ ਟੋਕੀਓ ਵਿੱਚ ਬੁਲੇਟ ਟਰੇਨ, ਟਰੇਨ, ਫਲਾਈਟ ਅਤੇ ਡਾਕ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ।