ਐਪਲ, ਮਾਇਕ੍ਰੋਸਾਫਟ, ਫੇਸਬੁੱਕ ਤੇ ਗੂਗਲ ਦੀ ਨੁਮਾਇੰਦਗੀ ਕਰਦੀਆਂ ਅਮਰੀਕੀ ਤਕਨਾਲੋਜੀ ਕਾਰੋਬਾਰੀ ਜਥੇਬੰਦੀਆਂ ਨੇ ਟਰੰਪ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹ ਓਬਾਮਾ ਕਾਲ ਦੇ ਨਿਯਮ ਨੂੰ ਬਹਾਲ ਰੱਖਣ ਜਿਸ ਤਹਿਤ ਭਾਰਤੀਆਂ ਸਮੇਤ ਐਚ-1ਬੀ ਵੀਜ਼ਾਧਾਰਕਾਂ ਦੇ ਕੁਝ ਜੀਵਨ ਸਾਥੀਆਂ ਨੂੰ ਅਮਰੀਕਾ ’ਚ ਕਾਨੂੰਨੀ ਤੌਰ ’ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਸੂਚਨਾ ਤਕਨਾਲੋਜੀ ਸਨਅਤ ਪ੍ਰੀਸ਼ਦ, ਅਮਰੀਕੀ ਚੈਂਬਰ ਆਫ਼ ਕਾਮਰਸ ਤੇ ਬੀਐਸਏ ਨੇ ਨਾਗਰਿਕਤਾ ਤੇ ਆਵਾਸ ਸੇਵਾਵਾਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਰਕਾਰ ਐਚ-4 ਪ੍ਰੋਗਰਾਮ ਨੂੰ ਬਹਾਲ ਰੱਖੇ ਜਿਸ ਤਹਿਤ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਜਿਨ੍ਹਾਂ ਦੇ ਗਰੀਨ ਕਾਰਡ ਬਕਾਇਆ ਪਏ ਹਨ, ਉਹ ਕਾਨੂੰਨੀ ਤੌਰ ’ਤੇ ਅਮਰੀਕਾ ’ਚ ਕੰਮ ਕਰ ਸਕਦੇ ਹਨ।
ਰਿਪੋਰਟਾਂ ਮੁਤਾਬਕ ਟਰੰਪ ਪ੍ਰਸ਼ਾਸਨ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਨਾ ਦੇਣ ਦੇ ਫ਼ੈਸਲੇ ’ਤੇ ਬਜ਼ਿੱਦ ਹੈ ਤੇ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਨਾਲ ਜਾਇਜ਼ ਅਮਰੀਕੀ ਵਰਕਰਾਂ ਦਾ ਹਿੱਸਾ ਮਾਰਿਆ ਜਾਵੇਗਾ। ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾਵਾਂ ਦੇ ਡਾਇਰੈਕਟਰ ਲੀ ਫਰਾਂਸਿਸ ਸਿਸਨਾ ਦੇ ਨਾਮ ’ਤੇ ਲਿਖੇ ਗਏ ਇਸ ਪੱਤਰ ’ਚ ਕਿਹਾ ਗਿਆ ਹੈ ਕਿ ਐਚ-4 ਜੀਵਨ ਸਾਥੀਆਂ, ਜਿਨ੍ਹਾਂ ’ਚ ਜ਼ਿਆਦਾਤਰ ਮਹਿਲਾਵਾਂ ਹਨ, ਵਾਲੀ ਪ੍ਰਣਾਲੀ ’ਚ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਨ੍ਹਾਂ ਨੂੰ ਅਫ਼ਸਰਸ਼ਾਹੀ ਤੋਂ ਪ੍ਰਵਾਨਗੀ ਮਿਲਣ ਤਕ ਕੰਮ ਕਰਨ ਤੋਂ ਰੋਕਿਆ ਜਾ ਸਕਦਾ ਹੈ।