ਲਾਹੌਰ : ਭਾਰਤ ਦੇ ਪੰਜ ਸੌ ਤੋਂ ਜ਼ਿਆਦਾ ਮਛੇਰੇ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਹਨ। ਇਸ ਦੀ ਜਾਣਕਾਰੀ ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਆਪਣੀ ਇਕ ਰਿਪੋਰਟ 'ਚ ਦਿੱਤੀ ਹੈ। ਪਾਕਿਸਤਾਨ 'ਚ ਕਰੀਬ 996 ਵਿਦੇਸ਼ੀ ਨਾਗਰਿਕ ਕੈਦ ਹਨ। ਇਨ੍ਹਾਂ 'ਚੋਂ 527ਭਾਰਤੀ ਹਨ।
ਭਾਰਤੀਆਂ 'ਤੇ ਅੱਤਵਾਦੀਆਂ ਸਰਗਰਮੀਆਂ 'ਚ ਸ਼ਾਮਲ ਹੋਣ ਤੋਂ ਇਲਾਵਾ ਹੱਤਿਆ, ਨਸ਼ਿਆਂ ਦੀ ਤਸਕਰੀ ਤੋਂ ਇਲਾਵਾ ਨਾਜਾਇਜ਼ ਤਰੀਕੇ ਨਾਲ ਪਾਕਿਸਤਾਨ 'ਚ ਵੜਣ ਦਾ ਦੋਸ਼ ਹੈ। ਭਾਰਤੀ ਕੈਦੀਆਂ 'ਚ ਮਛੇਰਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਹ ਸਾਰੇ ਅਰਬ ਸਾਗਰ 'ਚ ਮੱਛੀ ਫੜਣ ਦੌਰਾਨ ਫੜੇ ਗਏ ਹਨ।
ਜ਼ਿਕਰਯੋਗ ਹੈ ਕਿ ਅਰਬ ਸਾਗਰ 'ਚ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦਾ ਕੋਈ ਖਾਸ ਨਿਸ਼ਾਨ ਨਹੀਂ ਹੈ। ਇਸ ਲਈ ਮਛੇਰੇ ਗਲਤੀ ਨਾਲ ਦੂਜੇ ਦੇਸ਼ ਦੀ ਸਰਹੱਦ 'ਚ ਦਾਖਲ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਪਿਛਲੇ ਮਹੀਨੇ ਹੀ 55 ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਫੜਿਆ ਸੀ। ਉਥੇ ਹੀ ਦੂਜੇ ਪਾਸੇ 9476 ਪਾਕਿਸਤਾਨੀ ਨਾਗਰਿਕ ਵੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ 'ਚ ਬੰਦ ਹਨ।