ਮੇ ਸਾਈ: ਥਾਈਲੈਂਡ ਵਿੱਚ ਇੱਕ ਗੁਫ਼ਾ ਵਿੱਚ ਫਸੇ 12 ਫੁੱਟਬਾਲ ਖਿਡਾਰੀਆਂ ਤੇ ਉਨ੍ਹਾਂ ਦਾ ਕੋਚ ਨੂੰ ਬਚਾਉਣ ਵਿੱਚ ਮਦਦ ਕਰਦਿਆਂ ਫੌਜ ਦੇ ਇੱਕ ਸਾਬਕਾ ਗੋਤਾਖੋਰ ਦੀ ਮੌਤ ਹੋ ਗਈ। ਇਹ ਘਟਨਾ ਪਾਣੀ ’ਚ ਡੁੱਬੀ ਗਹਿਰੀ ਗੁਫ਼ਾ ਵਿੱਚ ਫੁੱਟਬਾਲ ਟੀਮ ਨੂੰ ਬਾਹਰ ਕੱਢਣ ਦੀ ਮੁਹਿੰਮ ਦੇ ਖਤਰਿਆਂ ਬਾਰੇ ਸੰਕੇਤ ਦਿੰਦੀ ਹੈ। ਇਸ ਮੌਤ ਦੇ ਬਾਅਦ ਇਸੇ ਰਸਤੇ ਗੁਫ਼ਾ ਅੰਦਰ ਫਸੇ ਬੱਚਿਆਂ ਨੂੰ ਬਾਹਰ ਕੱਢਣ ਸਬੰਧੀ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਸਵਾਲ ਇਹ ਹੈ ਕਿ ਜੇ ਮਾਹਿਰ ਗੋਤਾਖੋਰ ਗੁਫਾ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਤਾਂ ਬੱਚੇ ਕਿਵੇਂ ਨਿਕਲ ਸਕਣਗੇ?  
ਚਿਆਂਗ ਰਾਏ ਦੇ ਡਿਪਟੀ ਗਵਰਨਰ ਪਾਸਾਕੋਰਨ ਬੂਨਯਾਲਕ ਨੇ ਕਿਹਾ ਕਿ ਆਪਣੀ ਇੱਛਾ ਨਾਲ ਬੱਚਿਆਂ ਦੀ ਮਦਦ ਕਰਨ ਵਾਲੇ ਇੱਕ ਸਾਬਕਾ ਗੋਤਾਖੋਰ ਦੀ ਮੌਤ ਹੋ ਗਈ। ਉਨ੍ਹਾਂ ਇਸ ਮੌਤ ’ਤੇ ਦੁਖ਼ ਦਾ ਪ੍ਰਗਟਾਵਾ ਕੀਤਾ। ਗੋਤਾਖੋਰ ਦੀ ਪਛਾਣ ਸਮਨ ਕੁਨੋਂਤ ਵਜੋਂ ਹੋਈ ਹੈ। ਉਹ ਗੁਫਾ ਅੰਦਰੋਂ ਇੱਕ ਜਗ੍ਹਾ ਤੋਂ ਵਾਪਸ ਆ ਰਹੇ ਸੀ ਤਾਂ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਗੋਤਾਖਰ ਦੀ ਮੌਤ ਤੋਂ ਬਾਅਦ ਬਚਾਅ ਕਰਮੀਆਂ ਨੇ ਕਿਹਾ ਕਿ ਉਹ ਬੱਚਿਆਂ ਨੂੰ ਗੁਫਾ ਵਿੱਚੋਂ ਬਾਹਰ ਕੱਢਣ ਸਮੇਂ ਪੂਰੀ ਸਾਵਧਾਨੀ ਵਰਤਣਗੇ ਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣਗੇ। ਗੌਰਤਲਬ ਹੈ ਕਿ ਥਾਈਲੈਂਡ ਦੀ ਅੰਡਰ-16 ਫੁੱਟਬਾਲ ਟੀਮ ਦੇ 12 ਬੱਚੇ ਤੇ ਉਨ੍ਹਾਂ ਦਾ 25 ਸਾਲਾ ਕੋਚ 23 ਜੂਨ ਨੂੰ ਲਾਪਤਾ ਹੋ ਗਏ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਦੀ ਵਜ੍ਹਾ ਕਰਕੇ ਉਨ੍ਹਾਂ ਗੁਫ਼ਾ ਅੰਦਰ ਪਨਾਹ ਲਈ ਸੀ ਪਰ ਗੁਫਾ ਅੰਦਰ ਮੀਂਹ ਦਾ ਪਾਣੀ ਭਰ ਜਾਣ ਕਾਰਨ ਗੁਫਾ ਦਾ ਪ੍ਰਵੇਸ਼ ਦਵਾਰ ਬੰਦ ਹੋ ਗਿਆ ਜਿਸ ਕਾਰਨ ਉਹ ਸਾਰੇ ਗੁਫ਼ਾ ਦੇ ਅੰਦਰ ਫਸ ਗਏ। ਬੱਚਿਆਂ ਦੀ ਉਮਰ 11 ਤੋਂ 16 ਸਾਲ ਦੱਸੀ ਜਾ ਰਹੀ ਹੈ। ਕਰੀਬ 6 ਦੇਸ਼ਾਂ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।