ਲੰਡਨ : ਇੰਗਲੈਂਡ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਅਪਰੇਸ਼ਨ ਬਲਿਊ ਸਟਾਰ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀਆਂ ਫਾਈਲਾਂ ਦੀ ਜਾਂਚ ਦੀ ਮੰਗ ਕੀਤੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਮੰਨਿਆ ਹੈ ਕਿ ਸੰਨ 1980 ਵਿੱਚ ਭਾਰਤ-ਬ੍ਰਿਟੇਨ ਦੇ ਰਿਸ਼ਤਿਆਂ ਬਾਰੇ ਕਈ ਫਾਈਲਾਂ ਕੌਮੀ ਪੁਰਾਲੇਖ ਵਿੱਚੋਂ ਹਟਾਈਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਫਾਈਲਾਂ ਅਪ੍ਰੇਸ਼ਨ ਬਲਿਊ ਸਟਾਰ ਨਾਲ ਸਬੰਧਿਤ ਹਨ।
ਪੀਟੀਆਈ ਅਨੁਸਾਰ ਇਸ ਮਾਮਲੇ ਦੀ ਇੱਕ ਸਿੱਖ ਗਰੁੱਪ ਵੱਲੋਂ ਸੁਤੰਤਰ ਜਾਂਚ ਦੀ ਮੰਗੀ ਕੀਤੀ ਜਾ ਰਹੀ ਹੈ। ਇਹ ਫਾਈਲਾਂ ਕੌਮੀ ਪੁਰਾਲੇਖ ਨੇ 30 ਸਾਲਾਂ ਬਾਅਦ ਦਸਤਾਵੇਜ਼ ਜਾਰੀ ਕਰਨ ਵਾਲੇ ਨਿਯਮ ਤਹਿਤ ਇਸ ਸਾਲ ਦੇ ਸ਼ੁਰੂ ਵਿੱਚ ਜਨਤਕ ਕੀਤੀਆਂ ਸਨ। ਸਿੱਖ ਫੈਡਰੇਸ਼ਨ ਯੂ ਕੇ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਨ੍ਹਾਂ ਫਾਈਲਾਂ ਵਿੱਚੋਂ 1984 ’ਚ ਅਪ੍ਰੇਸ਼ਨ ਬਲਿਊ ਸਟਾਰ ਦੌਰਾਨ ਭਾਰਤ ਵੱਲੋਂ ਅੰਦਰੂਨੀ ਸੁਰੱਖਿਆ ਵਾਸਤੇ ਨੈਸ਼ਨਲ ਗਾਰਡ ਕਾਇਮ ਕਰਨ ਲਈ ਮੰਗੀ ਫ਼ੌਜੀ ਸਹਾਇਤਾ ਬਾਅਦ ਬ੍ਰਿਟਿਸ਼ ਫ਼ੌਜ ਦੇ ਵਿਸ਼ੇਸ਼ ਹਵਾਈ ਸੇਵਾਵਾਂ (ਐਸਏਐਸ) ਯੂਨਿਟ ਦੇ ਇਸ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਜ਼ਿਕਰ ਕਰਨ ਵਾਲਾ ਇੱਕ ਮੀਮੋ ਮਿਲਿਆ ਸੀ।
ਸਿੱਖ ਫੈਡਰੇਸ਼ਨ ਯੂ ਕੇ ਦੇ ਬਿਆਨ ਮੁਤਾਬਿਕ ਯੂ ਕੇ ਸਰਕਾਰ ਵੱਲੋਂ ਭਾਰਤੀ ਫ਼ੌਜ ਨੂੰ ਐਸਏਐਸ ਦੀ ਸਹਾਇਤਾ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ। ਡੇਵਿਡ ਕੈਮਰੌਨ ਵੱਲੋਂ 2014 ਵਿੱਚ ਅਧਿਕਾਰਤ ਸਮੀਖਿਆ ਦੇ ਦਿੱਤੇ ਹੁਕਮਾਂ ਦੌਰਾਨ ਇਸ ਤੱਥ ਨੂੰ ਹਟਾ ਦਿੱਤਾ ਗਿਆ ਸੀ।’ ਇਸ ਜਥੇਬੰਦੀ ਮੁਤਾਬਿਕ ਸਿੱਖ ਇਤਿਹਾਸ ਦੇ ਇਸ ਦੌਰ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ਸੁਤੰਤਰ ਪੜਤਾਲ ਬਾਰੇ ਵਕੀਲਾਂ ਵੱਲੋਂ ਹੁਣ ਗ੍ਰਹਿ ਸਕੱਤਰ ਐਂਬਰ ਰੱਡ ਨੂੰ ਲਿਖਿਆ ਗਿਆ ਹੈ।
ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਸਰਕਾਰ ਉੱਤੇ ‘ਲਿੱਪਾ-ਪੋਚੀ’ ਦਾ ਦੋਸ਼ ਲਾਇਆ ਜਾ ਰਿਹਾ ਹੈ ਪਰ ਵਿਦੇਸ਼ ਦਫ਼ਤਰ ਦਾ ਕਹਿਣਾ ਹੈ ਕਿ ਇਸ ਜਥੇਬੰਦੀ ਵੱਲੋਂ ਕੁੱਝ ਮੁੱਦੇ ਚੁੱਕੇ ਜਾਣ ਬਾਅਦ ਇਹ ਫਾਈਲਾਂ ਮਹਿਜ਼ ‘ਉਧਾਰ’ ਲਈਆਂ ਹਨ, ਜੋ ਜਲਦੀ ਵਾਪਸ ਕਰ ਦਿੱਤੀਆਂ ਜਾਣਗੀਆਂ