ਗਿਅਰ ਫਸਣ ਕਰਕੇ ਨਹੀਂ ਖੁੱਲ੍ਹਿਆ ਜਹਾਜ਼ ਦਾ ਅਗਲਾ ਪਹੀਆ, ਮਸਾਂ ਬਚਾਏ 89 ਯਾਤਰੀ
ਏਬੀਪੀ ਸਾਂਝਾ | 12 May 2019 03:47 PM (IST)
ਅਧਿਕਾਰੀ ਨੇ ਦੱਸਿਆ ਕਿ ਲੈਂਡਿੰਗ ਗਿਅਰ ਫੇਲ੍ਹ ਹੋਣ ਕਰਕੇ ਜਹਾਜ਼ ਦਾ ਅਗਲਾ ਪਹੀਆ ਨਹੀਂ ਖੁੱਲ੍ਹਿਆ ਜਿਸ ਕਰਕੇ ਜਹਾਜ਼ ਨੂੰ ਐਮਰਜੈਂਸੀ ਲੈਂਡ ਕਰਨਾ ਪਿਆ। ਫਿਲਹਾਲ ਇਸ ਹਾਦਸੇ ਵਿੱਚ ਕੋਈ ਨੁਕਸਾਨ ਹੋਣੋਂ ਬਚਾਅ ਰਿਹਾ।
ਯੰਗੂਨ: ਮਿਆਂਮਾਰ ਏਅਰ ਲਾਈਨ ਦੇ ਜਹਾਜ਼ ਦਾ ਲੈਂਡਿੰਗ ਗੇਅਰ ਫੇਲ੍ਹ ਹੋਣ ਬਾਅਦ ਪਾਇਲਟ ਨੇ ਐਤਵਾਰ ਨੂੰ ਸਵੇਰੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਉਡਾਣ UB-103 ਵਿੱਚ ਕੁੱਲ 89 ਯਾਤਰੀ ਸਵਾਰ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਲੈਂਡਿੰਗ ਗਿਅਰ ਫੇਲ੍ਹ ਹੋਣ ਕਰਕੇ ਜਹਾਜ਼ ਦਾ ਅਗਲਾ ਪਹੀਆ ਨਹੀਂ ਖੁੱਲ੍ਹਿਆ ਜਿਸ ਕਰਕੇ ਜਹਾਜ਼ ਨੂੰ ਐਮਰਜੈਂਸੀ ਲੈਂਡ ਕਰਨਾ ਪਿਆ। ਫਿਲਹਾਲ ਇਸ ਹਾਦਸੇ ਵਿੱਚ ਕੋਈ ਨੁਕਸਾਨ ਹੋਣੋਂ ਬਚਾਅ ਰਿਹਾ। ਮਿਆਂਮਾਰ ਵਿੱਚ ਇੱਕ ਹਫ਼ਤੇ ਅੰਦਰ ਇਹ ਦੂਜੀ ਘਟਨਾ ਹੈ ਜਦੋਂ ਜਹਾਜ਼ ਵਿੱਚ ਖਰਾਬੀ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਮਿਆਂਮਾਰ ਏਅਰਲਾਈਨਜ਼ ਦੀ ਉਡਾਣ ਨੰਬਰ UB-103 ਦੇ Embraer-190 ਮਾਡਲ ਦੀ ਐਮਰਜੈਂਸੀ ਲੈਂਡਿੰਗ ਸਵੇਰੇ 9 ਵਜੇ ਮੰਡਾਲੇ ਸ਼ਹਿਰ ਦੇ ਹਵਾਈ ਅੱਡੇ 'ਤੇ ਹੋਈ। ਸੋਸ਼ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਦੱਸ ਦੇਈਏ ਹਾਲ ਹੀ ਵਿੱਚ ਰੂਸ ਦੇ ਇੱਕ ਯਾਤਰੀ ਜਹਾਜ਼ ਸੁਖੋਈ ਸੁਪਰਜੈਟ-100 ਵਿੱਚ ਅੱਗ ਲੱਗ ਗਈ ਸੀ। ਇਸ ਘਟਨਾ ਵਿੱਚ 41 ਯਾਤਰੀਆਂ ਦੀ ਮੌਤ ਹੋ ਗਈ ਸੀ। ਪਿਛਲੇ ਬੁੱਧਵਾਰ ਨੂੰ ਮਾਸਕੋ ਹਵਾਈ ਅੱਡੇ ਤੋਂ ਸੁਖੋਈ ਜਹਾਜ਼ ਨੇ ਉੱਤਰੀ ਰੂਸ ਦੇ ਮਰਮਾਂਸਕ ਸ਼ਹਿਰ ਲਈ ਉਡਾਣ ਭਰੀ ਸੀ। ਜਿਸ ਵੇਲੇ ਜਹਾਜ਼ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ, ਉਦੋਂ ਉਸ ਵਿੱਚ ਅੱਗ ਲੱਗ ਗਈ। ਇਸ ਪਿੱਛੋਂ ਤੁਰੰਤ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਪਰ ਲੈਂਡਿੰਗ ਦੌਰਾਨ ਹੀ ਜਹਾਜ਼ ਅੱਗ ਦੀ ਚਪੇਟ ਵਿੱਚ ਆ ਗਿਆ।