ਲਾਹੌਰ: ਪਾਕਿਸਤਾਨ ਦੇ ਲਾਹੌਰ ਵਿੱਚ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ 88ਵਾਂ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਦੇ ਸਨਮਾਨ ਵਿੱਚ ਇਨ੍ਹਾਂ ਦੇ ਸ਼ਹੀਦੀ ਸਥਾਨ ‘ਸ਼ਾਦਮਾਨ ਚੌਕ’ ਦਾ ਨਾਂ ਬਦਲ ਕੇ ‘ਭਗਤ ਸਿੰਘ ਚੌਕ’ ਰੱਖ ਦਿੱਤਾ ਗਿਆ ਹੈ। ਲਾਹੌਰ ਪ੍ਰਸ਼ਾਸਨ ਨੇ ਚਿੱਠੀ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ‘ਕ੍ਰਾਂਤੀਕਾਰੀ ਨੇਤਾ’ ਵੀ ਕਰਾਰ ਦਿੱਤਾ ਹੈ। ਇਸ ਦੇ ਇਲਾਵਾ ਸਮਾਗਮ ਲਈ ਸਖ਼ਤ ਸੁਰੱਖਿਆ ਮੁਹੱਈਆ ਕਰਾਉਣ ਦੇ ਵੀ ਹੁਕਮ ਦਿੱਤੇ ਗਏ।

ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪਹਿਲ ਸਦਕਾ ਸ਼ਾਦਮਾਨ ਚੌਕ ’ਤੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਕਈ ਵਾਰ ਕੱਟਰਪੰਥੀਆਂ ਨੇ ਇਸ ’ਤੇ ਇਤਰਾਜ਼ ਜਤਾਇਆ, ਪਰ ਕੁਰੈਸ਼ੀ ਨੇ ਸਮਾਗਮ ਮਨਾਉਣਾ ਬੰਦ ਨਹੀਂ ਕੀਤਾ। ਇਸ ਵਾਰ 88ਵਾਂ ਸ਼ਹੀਦੀ ਸਮਾਗਮ ਅੱਤ ਸ਼ਾਮੀਂ ਮਨਾਇਆ ਜਾਏਗਾ। ਕੁਰੈਸ਼ੀ ਨੇ 19 ਮਾਰਚ ਨੂੰ ਡੀਸੀ ਲਾਹੌਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਬਾਰੇ ਮੰਗ ਕੀਤੀ ਸੀ। ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਡੀਸੀ ਵੱਲੋਂ ਜਾਰੀ ਚਿੱਟੀ ਵਿੱਚ ਸਮਾਗਮ ਵਾਲੇ ਸਥਾਨ ਨੂੰ ਭਗਤ ਸਿੰਘ ਚੌਕ (ਪਹਿਲਾਂ ਸ਼ਾਦਮਾਨ ਚੌਕ) ਲਿਖਿਆ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦ ਜ਼ਿਲ੍ਹਾ ਪ੍ਰਸ਼ਾਸਨ ਨੇ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਮੰਨਿਆ ਹੈ। ਇਮਤਿਆਜ਼ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸੀ। ਇਸ ਦੇ ਲਈ ਉਨ੍ਹਾਂ ਅਦਾਲਤ ਵਿੱਚ ਵੀ ਪਹੁੰਚ ਕੀਤੀ ਸੀ। ਅਦਾਲਤ ਨੇ ਲਾਹੌਰ ਦੇ ਮੇਅਰ ਨੂੰ ਇਸ ’ਤੇ ਕੰਮ ਕਰਨ ਦੇ ਹੁਕਮ ਦਿੱਤੇ ਸਨ।

ਯਾਦ ਰਹੇ ਸ਼ਾਦਮਾਨ ਚੌਕ (ਹੁਣ ਭਗਤ ਸਿੰਘ ਚੌਕ) ਉਹੀ ਥਾਂ ਹੈ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ 23 ਮਾਰਚ, 1931 ਨੂੰ ਫਾਂਸੀ ਦੇ ਦਿੱਤੀ ਸੀ। ਕੁਰੈਸ਼ੀ ਨੇ ਦੱਸਿਆ ਕਿ ਹੁਣ ਇਸ ਚੌਕ ’ਤੇ ਸ਼ਹੀਦ ਭਗਤ ਸਿੰਘ ਦੀ ਮੂਰਤੀ ਲਾਈ ਜਾਏਗੀ। ਉਹ ਲੰਮੇ ਸਮੇਂ ਤੋਂ ਇਸ ਚੌਕ ਦਾ ਨਾਂ ਬਦਲਣ ਦੀ ਮੰਗ ਕਰ ਰਹੇ ਸਨ ਜੋ ਹੁਣ ਪੂਰੀ ਹੋ ਗਈ ਹੈ। ਇਸ ਦੇ ਇਲਾਵਾ ਉਹ ਭਗਤ ਸਿੰਘ ਨੂੰ ਨਿਸ਼ਾਨ-ਏ-ਹੈਦਰ ਦਾ ਖਿਤਾਬ ਦੇਣ ਦੀ ਵੀ ਮੰਗ ਕਰ ਰਹੇ ਹਨ।