ਇਸਲਾਮਾਬਾਦ: ਕੌਮਾਂਤਰੀ ਦਬਾਅ ਦੇ ਚੱਲਦਿਆਂ ਪਾਕਿਸਤਾਨ ਨੇ ਹਾਫਿਜ਼ ਸਈਦ 'ਤੇ ਦਬਾਅ ਵਧਾ ਦਿੱਤਾ ਹੈ। ਲਾਹੌਰ ਵਿੱਚ ਸਥਿਤ ਹਾਫਿਜ਼ ਦੀ ਜਥੇਬੰਦੀ ਜਮਾਤ-ਉਲ-ਦਾਵਾ ਦੇ ਮੁੱਖ ਦਫ਼ਤਰ ਨੂੰ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।


ਸਈਦ ਦੀ ਜਥੇਬੰਦੀ ਦਾ ਇਹ ਦਫ਼ਤਰ ਲਾਹੌਰ ਦੇ ਚਾਰਬੁਰਜੀ ਇਲਾਕੇ ਵਿੱਚ ਸਥਿਤ ਹੈ। ਸਰਕਾਰ ਨੇ ਸਵੇਰੇ ਮੁਰੀਦਕੇ ਵਿੱਚ ਵੀ ਕਾਰਵਾਈ ਕੀਤੀ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਅੱਜ ਸਰਕਾਰ ਵੱਲੋਂ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਤੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਏ ਸਨ।


ਜ਼ਿਕਰਯੋਗ ਹੈ ਕਿ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਫਿਦਾਈਨ ਹਮਲੇ ਦੌਰਾਨ ਸੀਆਰਪੀਐੱਫ਼ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਉਤੇ ਸੰਸਾਰ ਪੱਧਰ 'ਤੇ ਦਬਾਅ ਬਣਿਆ ਹੈ। ਇਹ ਕਾਰਵਾਈ ਉਸੇ ਦਬਾਅ ਕਾਰਨ ਹੋ ਰਹੀ ਹੈ। ਜਦਕਿ ਪਾਕਿ ਨੇ ਇਸ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਪਹਿਲਾਂ ਤੋਂ ਉਲੀਕੀ ਗਈ ਯੋਜਨਾ ਦਾ ਹਿੱਸਾ ਹੈ ਤੇ ਅਜਿਹਾ ਕਦਮ ਭਾਰਤੀ ਹਵਾਈ ਹਮਲਿਆਂ ਕਾਰਨ ਨਹੀਂ ਚੁੱਕਿਆ ਜਾ ਰਿਹਾ।

ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਜਿਹੀਆਂ ਕਈ ਦਹਿਸ਼ਤੀ ਤੇ ਕੱਟੜ ਜਥੇਬੰਦੀਆਂ ਮਦਰੱਸੇ ਚਲਾਉਂਦੀਆਂ ਹਨ। ਸਕੂਲ ਦੀ ਆੜ ਹੇਠ ਨੂੰ ਬੱਚਿਆਂ ਨੂੰ ਗਰਮ–ਖ਼ਿਆਲੀ ਵਿਚਾਰ ਜਾਣਬੁੱਝ ਕੇ ਸਿਖਾਏ ਜਾਂਦੇ ਹਨ। ਇਹ ਕਾਰਵਾਈ ਅਜਿਹੇ ਹੀ ਕੁਝ ਮਦਰੱਸਿਆਂ ਵਿਰੁੱਧ ਹੋਈ ਹੈ।