ਸੰਯੁਕਤ ਰਾਸ਼ਟਰ ਦੇ ਮੰਚ 'ਤੇ ਸ਼ਰੀਫ਼ ਦੀ ਸ਼ਰਾਰਤ
ਏਬੀਪੀ ਸਾਂਝਾ | 22 Sep 2016 09:23 AM (IST)
ਸੰਯੁਕਤ ਰਾਸ਼ਟਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੰਯੁਕਤ ’ਚ ਕਸ਼ਮੀਰ ਦਾ ਰਾਗ ਅਲਾਪਿਆ ਹੈ। ਇੱਥੇ ਹੀ ਬੱਸ ਨੇ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਹਿਜ਼ਬੁਲ ਮੁਜ਼ਾਹਦੀਨ ਦੇ ਅਤਿਵਾਦੀ ਬੁਰਹਾਨ ਵਾਨੀ ਨੂੰ ‘ਨੌਜਵਾਨ ਕਸ਼ਮੀਰੀ ਆਗੂ’ ਆਖ ਕੇ ਉਸ ਦੀ ਵਡਿਆਈ ਵੀ ਕੀਤੀ। ਇਸ ਦੌਰਾਨ ਸ਼ਰੀਫ਼ ਨੇ ਕਸ਼ਮੀਰ ’ਚ ਭਾਰਤ ਸਰਕਾਰ ਵੱਲੋਂ ਲੋਕਾਂ ’ਤੇ ਵਧੀਕੀਆਂ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਭਾਰਤ ਨਾਲ ਜੰਮੂ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਦੇ ਸ਼ਾਂਤੀਪੂਰਵਕ ਹੱਲ ਲਈ ਗੱਲਬਾਤ ਕਰਨ ਲਈ ਤਿਆਰ ਹਨ। ਕਰੀਬ 20 ਮਿੰਟਾਂ ਦੇ ਭਾਸ਼ਣ ਦੌਰਾਨ ਸ੍ਰੀ ਸ਼ਰੀਫ਼ ਨੇ ਜ਼ਿਆਦਾਤਰ ਸਮਾਂ ਕਸ਼ਮੀਰ ਅਤੇ ਉੱਥੋਂ ਦੇ ਹਾਲਾਤ ’ਤੇ ਕੇਂਦਰਿਤ ਰੱਖਿਆ। ਉਨ੍ਹਾਂ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੀ ਮੰਗ ਦੀ ਹਮਾਇਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰ ਵਿਚਲੇ ਝੂਠੇ ਮੁਕਾਬਲਿਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਸੰਯੁਕਤ ਰਾਸ਼ਟਰ ਵੱਲੋਂ ਤੱਥ ਪੜਤਾਲ ਮਿਸ਼ਨ ਕਸ਼ਮੀਰ ਭੇਜਿਆ ਜਾਵੇ ਤਾਂ ਜੋ ਵਧੀਕੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਦਾ ਮਸਲਾ ਹੱਲ ਕੀਤੇ ਬਿਨਾਂ ਪਾਕਿਸਤਾਨ ਅਤੇ ਭਾਰਤ ਦਰਮਿਆਨ ਸ਼ਾਂਤੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਨੇ ਜੰਮੂ ਕਸ਼ਮੀਰ ’ਚ ਰਾਇਸ਼ੁਮਾਰੀ ਕਰਾਉਣ ਲਈ ਕਿਹਾ ਸੀ ਪਰ ਕਸ਼ਮੀਰੀ ਲੋਕ ਪਿਛਲੇ 70 ਸਾਲਾਂ ਤੋਂ ਇਸ ਵਾਅਦੇ ਨੂੰ ਲਾਗੂ ਕਰਨ ਦੀ ਉਡੀਕ ਕਰ ਰਹੇ ਹਨ।