ਇਸਲਾਮਾਬਾਦ: ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦਾ ਕੋਈ ਹੱਥ ਨਹੀਂ ਤੇ ਭਾਰਤ ਬਿਨਾ ਕਿਸੇ ਸਬੂਤ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਜਾਂਚ ਲਈ ਤਿਆਰ ਹਨ।
ਇਮਰਾਨ ਖਾਨ ਨੇ ਸਵਾਲ ਕੀਤਾ ਕਿ ਉਹ ਅਜਿਹਾ ਹਮਲਾ ਕਿਉਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਾਂ ਖੁਦ ਅੱਤਵਾਦ ਤੋਂ ਪੀੜਤ ਹੈ। ਇਮਰਾਨ ਖਾਨ ਨੇ ਕਿਹਾ ਕਿ ਨਵੇਂ ਪਾਕਿਸਤਾਨ ਵਿੱਚ ਅੱਤਵਾਦ ਲਈ ਕੋਈ ਥਾਂ ਨਹੀਂ। ਉਹ ਭਾਰਤ ਨਾਲ ਅੱਤਵਾਦ ਦੇ ਮੁੱਦੇ 'ਤੇ ਗੱਲ਼ਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਪਹਿਲਾਂ ਅੱਤਵਾਦ 'ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਜੇਕਰ ਹਮਲੇ ਦਾ ਸਬੂਤ ਮਿਲੇਗਾ ਤਾਂ ਐਕਸ਼ਨ ਦੀ ਗਾਰੰਟੀ ਦਿੰਦੇ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੰਗ ਸ਼ੁਰੂ ਕਰਨਾ ਸੌਖਾ ਹੈ ਪਰ ਖ਼ਤਮ ਕਰਨਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਜੰਗ ਹੋਈ ਤਾਂ ਪਾਕਿਸਤਾਨ ਵੀ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ।