ਦਿੱਲੀ:  ਅੱਤਵਾਦੀਆਂ ਨੂੰ ਪਨਾਹ ਦੇਣ ਨੂੰ ਲੈ ਕੇ ਪਾਕਿਸਤਾਨ ਖਿਲਾਫ ਅਮਰੀਕਾ ਨੇ ਆਪਣਾ ਰੁਖ ਹੋਰ ਸਖ਼ਤ ਕਰ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਚੋਟੀ ਦੇ ਕੂਟਨੀਤਕ ਤੇ ਫੌਜੀ ਸਲਾਹਕਾਰਾਂ ਨੂੰ ਇਸ ਮਹੀਨੇ ਦੇ ਅੰਤ ਵਿਚ ਪਾਕਿਸਤਾਨ ਭੇਜ ਰਿਹਾ ਹੈ, ਤਾਂ ਜੋ ਉਸ ਨੂੰ ਅੱਤਵਾਦ ਨੂੰ ਪਨਾਹ ਦੇਣ ਲਈ ਸਖਤ ਸੰਦੇਸ਼ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਤੇ ਰੱਖਿਆ ਮੰਤਰੀ ਜਿਮ ਮੈਟਿਸ ਵੀ ਪਾਕਿਸਤਾਨ ਦੇ ਦੌਰੇ 'ਤੇ ਜਾ ਸਕਦੇ ਹਨ।


ਮੈਟਿਸ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਹ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਲਈ ਸੁਰੱਖਿਅਤ ਸ਼ਰਣਗਾਹਾਂ ਵਿਰੁੱਧ ਕਾਰਵਾਈ ਨਹੀਂ ਕਰਦਾ ਤਾਂ ਉਸ ਨੂੰ ਕੌਮਾਂਤਰੀ ਪੱਧਰ 'ਤੇ ਹਾਸ਼ੀਏ 'ਤੇ ਧੱਕ ਦਿੱਤਾ ਜਾਏਗਾ, ਇਸ ਤੋਂ ਇਲਾਵਾ ਪਾਕਿ ਤੋਂ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਵੀ ਖੋਹਿਆ ਸਕਦਾ ਹੈ।

ਦੱਖਣੀ ਏਸ਼ੀਆ ਤੇ ਅਫ਼ਗਾਨਿਸਤਾਨ 'ਤੇ ਕਾਂਗਰਸ ਸਾਹਮਣੇ ਬਹਿਸ ਵਿੱਚ ਮੈਟਿਸ ਨੇ ਸਦਨ ਦੀ ਪ੍ਰਭਾਵਸ਼ਾਲੀ ਹਥਿਆਰਬੰਦ ਸੇਵਾ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਬਿਹਤਰੀਨ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਹਨ ਤਾਂ ਟਰੰਪ ਕੋਈ ਵੀ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਚੱਲਣ 'ਤੇ ਪਾਕਿਸਤਾਨ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਤੇ ਅਸੀਂ ਇਸੇ ਵੱਲ ਹੀ ਧਿਆਨ ਦੇਣਾ ਚਾਹੁੰਦੇ ਹਾਂ। ਪਰ ਜੇਕਰ ਪਾਕਿ ਕਿਸੇ ਹੋਰ ਦਿਸ਼ਾ ਵੱਲ ਵਧਣਾ ਚਾਹੁੰਦਾ ਹੈ ਤਾਂ ਇਸ ਦੀ ਸਜ਼ਾ ਵੱਡੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਅਮਰੀਕਾ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਵਾਰ ਮੁੜ ਤੋਂ ਕੋਸ਼ਿਸ਼ ਕਰੀਏ ਤਾਂ ਜੋ ਪਾਕਿ ਲਈ ਇਹ ਰਣਨੀਤੀ ਕਾਰਗਰ ਸਿੱਧ ਹੋਵੇ।