ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਜਾਣ ਲਈ ਜਿਸ ਜਹਾਜ਼ ਦਾ ਇਸਤੇਮਾਲ ਕੀਤਾ ਸੀ, ਉਸ ਨੂੰ ਲੈ ਕੇ ਪਾਕਿਸਤਾਨ ਨੇ 2.86 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ ਹੈ। ਭਾਰਤੀ ਹਵਾਈ ਫੌਜ ਦੇ ਇਸ ਜਹਾਜ਼ 'ਤੇ 'ਰੂਟ ਨੈਵੀਗੇਸ਼ਨ' ਫੀਸ ਤਹਿਤ ਢਾਈ ਲੱਖ ਰੁਪਏ ਮੰਗੇ ਗਏ ਹਨ। ਇਹ ਬਿੱਲ ਪ੍ਰਧਾਨ ਮੰਤਰੀ ਮੋਦੀ ਦੇ ਲਾਹੌਰ, ਰੂਸ, ਅਫਗਾਨਿਸਤਾਨ, ਇਰਾਨ ਤੇ ਕਤਰ ਦੀਆਂ ਵਿਦੇਸ਼ੀ ਫੇਰੀਆਂ ਦਾ ਹੈ।
ਇਹ ਖੁਲਾਸਾ ਇੱਕ ਆਰਟੀਆਈ ਵਿੱਚ ਹੋਇਆ ਹੈ। ਲੋਕੇਸ਼ ਬਤਰਾ ਨੇ ਆਰਟੀਆਈ ਵਿੱਚ ਜਾਣਕਾਰੀ ਮੰਗੀ ਸੀ। ਇਸ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਜੂਨ 2016 ਤੱਕ ਭਾਰਤੀ ਫੌਜ ਦੇ ਜਹਾਜ਼ ਦਾ ਇਸਤੇਮਾਲ ਪ੍ਰਧਾਨ ਮੰਤਰੀ ਦੀਆਂ 11 ਫੇਰੀਆਂ ਲਈ ਕੀਤਾ ਗਿਆ।
ਬਤਰਾ ਨੇ ਪਿਛਲੇ ਸਾਲ ਅਗਸਤ ਤੋਂ ਲੈ ਕੇ 30 ਜਨਵਰੀ 2018 ਤੱਕ ਆਰਟੀਆਈ ਤੋਂ ਮਿਲੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਜਦੋਂ ਪਾਕਿਸਤਾਨ ਵਿੱਚ ਮੋਦੀ ਨਵਾਜ ਸ਼ਰੀਫ ਨੂੰ ਮਿਲਣ ਗਏ ਸੀ, ਉਸ ਦੌਰਾਨ ਜਹਾਜ਼ ਦੀ ਫੀਸ ਵੀ ਇਸ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਮੋਦੀ ਰੂਸਅਤੇ ਅਫਗਾਨਿਸਤਾਨ ਵੀ ਇਸੇ ਰਸਤੇ ਗਏ ਸਨ।
ਅੰਕੜਿਆਂ ਮੁਤਾਬਿਕ 2014 ਤੋਂ 2016 ਤੱਕ ਮੋਦੀ ਦੀਆਂ ਵਿਦੇਸ਼ੀਆਂ ਫੇਰੀਆਂ ਲਈ ਭਾਰਤੀ ਫੌਜ ਦੇ ਜਹਾਜ਼ ਦਾ ਇਸਤੇਮਾਲ ਕੀਤਾ ਗਿਆ ਜਿਸ 'ਤੇ ਕਰੀਬ ਦੋ ਕਰੋੜ ਰੁਪਏ ਖਰਚ ਹੋਏ।