ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਤੇ ਮੁਲਕ ਦੀ ਰਾਜਨੀਤੀ ਵਿੱਚ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਤੀਜਾ ਵਿਆਹ ਕਰ ਲਿਆ ਹੈ। ਇਮਰਾਨ ਨੇ ਲਾਹੌਰ ਵਿੱਚ ਆਪਣੀ ਅਧਿਆਤਮਕ ਗੁਰੂ ਬੁਸ਼ਰਾ ਮਾਨਿਕ ਨਾਲ ਵਿਆਹ ਕੀਤਾ ਜਿਸ ਬਾਰੇ ਉਨ੍ਹਾਂ ਦੀ ਪਾਰਟੀ ਨੇ ਖੁਲਾਸਾ ਕੀਤਾ ਹੈ। ਪਾਰਟੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਜਨਵਰੀ ਵਿੱਚ ਬੁਸ਼ਰਾ ਤੇ ਇਮਰਾਨ ਦੇ ਨਿਕਾਹ ਦੀਆਂ ਖਬਰਾਂ ਆਈਆਂ ਸਨ। ਬਾਅਦ ਵਿੱਚ ਇਮਰਾਨ ਨੇ ਦੱਸਿਆ ਸੀ ਕਿ ਉਨ੍ਹਾਂ ਸਿਰਫ ਵਿਆਹ ਲਈ ਪੁੱਛਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਇਮਰਾਨ ਖਾਨ ਦੀ ਨਵੀਂ ਪਤਨੀ ਬੁਸ਼ਰਾ ਮਾਨਿਕ ਅਧਿਆਤਮ ਵੱਲ ਝੁਕਾਅ ਰੱਖਣ ਵਾਲੀ ਔਰਤ ਹੈ। ਇਨ੍ਹਾਂ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਹੋਈ ਸੀ।
65 ਸਾਲ ਦੇ ਇਮਰਾਨ ਖਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਹਨ। ਪਾਕਿਸਤਾਨ ਦੇ ਖੈਬਰ ਪਖਤੂਨਖਾਹ ਵਿੱਚ ਤਹਿਰੀਕ-ਏ-ਇਨਸਾਫ ਦੀ ਸਰਕਾਰ ਹੈ। ਇਹ ਇਮਰਾਨ ਖਾਨ ਦਾ ਤੀਜਾ ਵਿਆਹ ਹੈ। ਸਾਲ 1992 ਵਿੱਚ ਇਮਰਾਨ ਨੇ ਪਾਕਿਸਤਾਨ ਦੀ ਟੀਮ ਨੂੰ ਵਰਲਡ ਕੱਪ ਜਿਤਵਾਇਆ ਸੀ। ਪਾਕਿਸਤਾਨ ਵਿੱਚ ਇਸੇ ਸਾਲ ਵੋਟਾਂ ਪੈਣੀਆਂ ਹਨ।