ਚੰਡੀਗੜ੍ਹ: ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਆਪਣੇ ਟੌਪ ਜਨਰਲ ਅਧਿਕਾਰੀਆਂ ਦੀ ਪੋਸਟਿੰਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਇਨ੍ਹਾਂ ਵਿੱਚ ਸਭ ਤੋਂ ਅਹਿਮ ਡੀਜੀ (ਆਈਐਸਆਈ) ਦਾ ਅਹੁਦਾ ਹੈ ਜਿਸ ਲਈ ਹੁਣ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੀ ਚੋਣ ਕੀਤੀ ਗਈ ਹੈ।


12 ਅਪਰੈਲ ਨੂੰ ਪਾਕਿਸਤਾਨੀ ਫੌਜ ਨੇ ਤਤਕਾਲੀ ਮੇਜਰ ਜਨਰਲ ਫੈਜ਼ ਹਮੀਦ ਦੀ ਲੈਫਟੀਨੈਂਟ ਜਨਰਲ ਦੇ ਅਹੁਦੇ ਵਜੋਂ ਤਰੱਕੀ ਕੀਤੀ ਤੇ ਉਸ ਦੇ ਅਗਲੇ ਮਹੀਨੇ ਹੀ ਉਨ੍ਹਾਂ ਨੂੰ ਜਨਰਲ ਹੈੱਡਕੁਆਰਟਰ (GHQ) ਵਿੱਚ ਐਡਜੂਟੈਂਟ ਜਨਰਲ ਨਿਯੁਕਤ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਆਈਐਸਆਈ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਸਨ।

ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਮੁਤਾਬਕ ਜਨਰਲ ਹਮੀਦ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਦੀ ਥਾਂ 'ਤੇ ਸੇਵਾ ਨਿਭਾਉਣਗੇ, ਜੋ ਹੁਣ ਕਮਾਂਡਰ ਗੁਜਰਾਂਵਾਲਾ ਵਜੋਂ ਨਿਯੁਕਤ ਕੀਤੇ ਗਏ ਹਨ।