ਪੇਸ਼ਾਵਰ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਨੇ ਜੌਇੰਟ ਇਨਵੈਸਟੀਗੇਸ਼ਨ ਟੀਮ (JIT) ਦੀ ਰਿਪੋਰਟ ਆਉਣ ਮਗਰੋਂ ਬੇਕਸੂਰ ਪਰਿਵਾਰ ਦਾ ਐਨਕਾਊਂਟਰ ਕਰਨ ਵਾਲੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੇ ਪੰਜ ਅਫ਼ਸਰਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਗੋਲ਼ੀਆਂ ਮਾਰਨ ਵਾਲੇ ਪੰਜ ਮੁਲਾਜ਼ਮਾਂ ’ਤੇ ਵੀ ਕਤਲ ਦਾ ਮਾਮਲਾ ਚਲਾਇਆ ਜਾਏਗਾ।
ਹਾਸਲ ਜਾਣਕਾਰੀ ਮੁਤਾਬਕ ਵਧੀਕ ਆਈਜੀ ਆਪਰੇਸ਼ਨ, ਡੀਜੀਸੀਟੀਡੀ, ਐਸਐਸਪੀਟੀਟੀ, ਐਸਪੀ ਸਿਟੀ ਡੀ ਅਤੇ ਡੀਐਸਪੀਸੀਟੀਡੀ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ JIT ਨੇ ਮਰਹੂਮ ਮਿਹਰ ਖਲੀਲ ਦੇ ਪਰਿਵਾਰ ਨੂੰ ਬੇਕਸੂਰ ਤੇ ਮਾਸੂਮ ਠਹਿਰਾਇਆ ਹੈ। ਰਿਪੋਰਟ ਵਿੱਚ ਪੁਲਿਸ ’ਤੇ ਗੋਲ਼ੀ ਨਾ ਚਲਾਉਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਪੁਲਿਸ ਨੇ ਨਿਹੱਥੇ ਪਰਿਵਾਰ ਨੂੰ ਗੋਲ਼ੀਆਂ ਨਾਲ ਭੁੰਨ੍ਹ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲਾਹੌਰ 'ਚ ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਵੱਲੋਂ ਸਾਧਾਰਨ ਪਰਿਵਾਰ ਦੇ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਨ੍ਹਾਂ ਦਹਿਸ਼ਤਗਰਦਾਂ ਦੇ ਖ਼ਦਸ਼ੇ 'ਚ ਹੀ ਇਸ ਪਰਿਵਾਰ ’ਤੇ ਗੋਲ਼ੀਆਂ ਚਲਾ ਦਿੱਤੀਆਂ ਸੀ। ਇਸ ਮੁਕਾਬਲੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਸਨ।
ਇਹ ਵੀ ਪੜ੍ਹੋ- ਵਿਆਹ 'ਤੇ ਜਾ ਰਹੇ ਪਰਿਵਾਰ ਦਾ ਸੀਟੀਡੀ ਨੇ ਅੱਤਵਾਦੀ ਸਮਝ ਕੀਤਾ ਐਨਕਾਊਂਟਰ, ਚਾਰ ਹਲਾਕ ਤਿੰਨ ਜ਼ਖ਼ਮੀ
ਦਰਅਸਲ ਕਾਰ 'ਚ ਮਿਹਰ ਖਲੀਲ ਦਾ ਪਰਿਵਾਰ ਲਾਹੌਰ ਤੋਂ ਬੂਰੇਵਾਲਾ ਇੱਕ ਵਿਆਹ ਸਮਾਗਮ 'ਤੇ ਜਾ ਰਿਹਾ ਸੀ। ਪਰ ਸਾਹੇਵਾਲ ਟੋਲ ਪਲਾਜ਼ਾ ਕੋਲ ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਗੋਲ਼ੀਆਂ ਵਰ੍ਹਾ ਦਿੱਤੀਆਂ। ਸੀਟੀਡੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਮ੍ਰਿਤਕਾਂ ਨੂੰ ਅੱਤਵਾਦੀ ਦੱਸਿਆ ਅਤੇ ਉਨ੍ਹਾਂ ਤੋਂ ਹਥਿਆਰ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ ਸੀ।
ਵੇਖੋ ਵੀਡੀਓ -