ਆਸਿਫ ਮਹਿਮੂਦ

ਪੇਸ਼ਾਵਰ: ਸਿੱਖ ਭਾਈਚਾਰੇ ਨੂੰ ਹੈਲਮਿਟ ਪਾਉਣ ਤੋਂ ਛੋਟ ਦੇਣ ਦੇ ਬਾਵਜੂਦ ਪੇਸ਼ਾਵਰ ਦੇ ਦਬਗਾਰੀ ਇਲਾਕੇ ਵਿੱਚ ਇੱਕ ਸਿੱਖ ਨੌਜਵਾਨ ਦਾ ਹੈਲਮਿਟ ਨਾ ਪਾਉਣ ਲਈ ਚਲਾਨ ਕਰ ਦਿੱਤਾ ਗਿਆ। ਹਾਲਾਂਕਿ ਬਾਅਦ ਵਿੱਚ ਚਲਾਨ ਕਰਨ ਵਾਲੇ ਪੁਲਿਸ ਮੁਲਾਜ਼ਮ ਨੇ ਮੁਆਫੀ ਮੰਗ ਲਈ ਹੈ। ਯਾਦ ਰਹੇ ਕਿ ਪਿਛਲੇ ਸਾਲ ਹੀ ਪੇਸ਼ਾਵਰ ਪੁਲਿਸ ਨੇ ਸਿੱਖਾਂ ਨੂੰ ਹੈਲਮਿਟ ਪਾਉਣ ਤੋਂ ਛੋਟ ਦਿੱਤੀ ਸੀ।

ਪੇਸ਼ਾਵਰ ਵਿੱਚ ਸਿੱਖ ਤਬਕੇ ਦੇ ਮੈਂਬਰ ਮਨਮੀਤ ਸਿੰਘ ਨੂੰ ਹੈਲਮਿਟ ਨਾ ਪਾਉਣ ਲਈ 100 ਰੁਪਏ ਜ਼ੁਰਮਾਨਾ ਲਾਇਆ ਗਿਆ। ਪੇਸ਼ਾਵਰ ਦੇ ਐਸਐਸਪੀ ਟਰੈਫਿਕ ਕਾਸ਼ੀਫ ਜੁਲਫੀਕਰ ਨੇ ਦੱਸਿਆ ਕਿ ਚਲਾਨ ਜਾਰੀ ਕਰਨ ਵਾਲੇ ਵਾਰਡਨ ਨੂੰ ਇਹ ਨਹੀਂ ਸੀ ਪਤਾ ਸੀ ਕਿ ਸਿੱਖ ਭਾਈਚਾਰੇ ਨੂੰ ਹੈਲਮਿਟ ਪਾਉਣ ਤੋਂ ਛੋਟ ਦਿੱਤੀ ਗਈ ਹੈ।

ਨੌਜਵਾਨ ਵਿਧਾਨ ਸਭਾ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਗੋਰਪਾਲ ਸਿੰਘ ਨੇ ਇਸ ਘਟਨਾ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਖੈਬਰ ਪਖਤੂਨਖਵਾ ਅਸੈਂਬਲੀ ਨੇ ਸਿੱਖ ਭਾਈਚਾਰੇ ਨੂੰ ਹੈਲਮਿਟ ਪਾਉਣ ਤੋਂ ਛੋਟ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਚਿੰਤਤ ਹਨ ਅਤੇ ਜਲਦੀ ਹੀ ਇਸ ਮੁੱਦੇ ਨੂੰ ਪ੍ਰੋਵਿੰਸ਼ੀਅਲ ਅਸੈਂਬਲੀ ਵਿੱਚ ਉਠਾਇਆ ਜਾਏਗਾ ਤਾਂ ਜੋ ਭਵਿੱਖ ਵਿੱਚ ਦੁਬਾਰਾ ਅਜਿਹੀ ਘਟਨਾ ਵਾਪਰਨ ਤੋਂ ਬਚਾਅ ਕੀਤਾ ਜਾ ਸਕੇ।