ਇਸਲਾਮਾਬਾਦ : ਪਾਕਿਸਤਾਨ ਨੇ ਪਠਾਨਕੋਟ ਏਅਰਬੇਸ ਉਤੇ ਹੋਏ ਦਹਿਸ਼ਤਗਰਦ ਹਮਲੇ ਦੇ ਵੇਰਵੇ ਜਨਤਕ ਕਰਨ ਦਾ ਫੈਸਲ ਕੀਤਾ ਹੈ। ਦਹਿਸ਼ਤੀ ਹਮਲੇ ’ਚ ਪਾਕਿਸਤਾਨੀ ਨਾਗਰਿਕਾਂ ਦੀ ਸ਼ਮੂਲੀਅਤ ਸਬੰਧੀ ਜਾਂਚ ਦੇ ਵੇਰਵੇ ਛੁਪਾਉਣ ’ਤੇ ਵਿਰੋਧੀ ਧਿਰ ਵੱਲੋਂ ਪਾਕਿਸਤਾਨ ਸਰਕਾਰ ਉਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਸਨ। ਇਸ ਕਰਕੇ ਸਰਕਾਰ ਨੇ ਸਾਰੇ ਤੱਥਾਂ ਨੂੰ ਜਨਤਕ ਕਰਨ ਦਾ ਫੈਸਲਾ ਕੀਤਾ ਹੈ।

 

 

 
ਸੈਨੇਟ ਦੇ ਇਜਲਾਸ ਦੌਰਾਨ ਇਹ ਮਾਮਲਾ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵੱਲੋਂ ਚੁੱਕਿਆ ਗਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਰਿਪੋਰਟ ਨੂੰ ਨਸ਼ਰ ਕਰਨ ਦਾ ਐਲਾਨ ਕੀਤਾ। ਪੀਪੀਪੀ ਦੇ ਸੈਨੇਟਰ ਫਰਹਤਉੱਲ੍ਹਾ ਬਾਬਰ ਨੇ ਭਾਰਤੀ ਏਅਰਬੇਸ ’ਤੇ 2 ਜੁਲਾਈ ਨੂੰ ਹਮਲੇ ਦੇ ਵੇਰਵਿਆਂ ਬਾਰੇ ਚਾਰ ਮਹੀਨੇ ਪਹਿਲਾਂ ਪੁੱਛੇ ਗਏ ਸਵਾਲ ’ਤੇ ਜਵਾਬ ਦੇਣ ’ਚ ਨਾਕਾਮ ਰਹਿਣ ’ਤੇ ਉਨ੍ਹਾਂ ਸ਼ਰੀਫ਼ ਸਰਕਾਰ ਦੀ ਖੂਬ ਅਲੋਚਨਾ ਕੀਤੀ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਸੈਨੇਟਰ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਜਾਣ-ਬੁੱਝ ਕੇ ਜਾਣਕਾਰੀ ਛੁਪਾ ਕੇ ਸੈਨੇਟ ਨੂੰ ਗੁੰਮਰਾਹ ਕਰ ਰਹੀ ਹੈ।

 

 

 

 

 

 

 

 

ਉਨ੍ਹਾਂ ਤਾਂ ਇਥੋਂ ਤਕ ਆਖ ਦਿੱਤਾ ਕਿ ਸਰਕਾਰ ਅਤਿਵਾਦੀਆਂ ਨੂੰ ਸ਼ਹਿ ਦੇ ਰਹੀ ਹੈ। ਬਾਬਰ ਵੱਲੋਂ ਮੁੱਦਾ ਚੁੱਕੇ ਜਾਣ ’ਤੇ ਸਦਨ ਦੇ ਆਗੂ ਸੈਨੇਟਰ ਰਾਜਾ ਜ਼ਫਰਉੱਲ ਹੱਕ ਖੜ੍ਹੇ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਮੰਤਰੀ ਇਸ ਸਵਾਲ ਦਾ ਜਵਾਬ ਦੇਣਗੇ ਪਰ ਕਿਸੇ ਦੇ ਇਰਾਦਿਆਂ ’ਤੇ ਹਮਲਾ ਕਰਨਾ ਠੀਕ ਨਹੀਂ। ਗ੍ਰਹਿ ਅਤੇ ਨਾਰਕੋਟਿਕਸ ਰਾਜ ਮੰਤਰੀ ਬਲਿਗੁਰ ਰਹਿਮਾਨ ਨੇ ਸਵਾਲ ਦੇ ਜਵਾਬ ’ਚ ਦੇਰੀ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਹ ਮਾਮਲਾ ਵਿਦੇਸ਼ ਦਫ਼ਤਰ ਅਤੇ ਕੁਝ ਹੋਰ ਏਜੰਸੀਆਂ ਨਾਲ ਜੁੜਿਆ ਹੋਇਆ ਹੈ ਪਰ ਇਸ ਦਾ ਜਵਾਬ ਜ਼ਰੂਰ ਛੇਤੀ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਸਰਕਾਰ ਸਦਨ ਤੋਂ ਕੋਈ ਵੀ ਗੱਲ ਨਹੀਂ ਛੁਪਾ ਰਹੀ।