ਚੰਡੀਗੜ੍ਹ: ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਜਾਣ ਵਾਲਾ ਆਪਣੇ ਹਿੱਸੇ ਦਾ ਪਾਣੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਇਸ ਫੈਸਲੇ ’ਤੇ ਪਾਕਿਸਤਾਨ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਦਾ ਰੁਖ਼ ਮੋੜਦਾ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਾਕਿਸਤਾਨ ਦੇ ਜਲ ਸਾਧਨ ਮੰਤਰਾਲੇ ਦੇ ਸਕੱਤਰ ਸ਼ਮੈਲ ਅਹਿਮਦ ਖਵਾਜਾ ਨੇ ਕਿਹਾ ਕਿ ਸਿੰਧ ਪਾਣੀ ਸਮਝੌਤਾ ਵੀ ਭਾਰਤ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ।

ਅਹਿਮਦ ਨੇ ਕਿਹਾ ਕਿ ਮੰਤਰੀ ਨਿਤਿਨ ਗਡਕਰੀ ਦਾ ਟਵੀਟ ਪਾਕਿਸਤਾਨ ਲਈ ਕਿਸੇ ਘਬਰਾਹਟ ਦਾ ਵਿਸ਼ਾ ਨਹੀਂ। ਭਾਰਤ ਰਾਵੀ ਦਰਿਆ ’ਤੇ ਆਪਣੇ ਹਿੱਸੇ ਦਾ ਪਾਣੀ ਜਮ੍ਹਾ ਕਰਕੇ ਸ਼ਾਹਪੁਰ ਕੰਡੀ ਬੰਨ੍ਹ ਬਣਾਉਣਾ ਚਾਹੁੰਦਾ ਹੈ ਤੇ ਪਾਕਿਸਤਾਨ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਦਾ ਇਹ ਪ੍ਰੋਜੈਕਟ 1995 ਤੋਂ ਠੰਢੇ ਬਸਤੇ ਪਿਆ ਹੋਇਆ ਸੀ। ਹੁਣ ਜੇ ਭਾਰਤ ਆਪਣੇ ਹਿੱਸੇ ਦੇ ਪਾਣੀ ਦਾ ਇਸਤੇਮਾਲ ਕਰਨ ਲਈ ਇਹ ਬੰਨ੍ਹ ਬਣਾਉਂਦਾ ਹੈ ਤਾਂ ਇਸ ਨਾਲ ਪਾਕਿਸਤਾਨ ਨੂੰ ਕੋਈ ਫ਼ਰਕ ਨਹੀਂ ਪੈਂਦਾ।

ਹਾਲਾਂਕਿ ਅਹਿਮਦ ਨੇ ਕਿਹਾ ਕਿ ਜੇ ਭਾਰਤ ਇਨ੍ਹਾਂ ਚੇਨਾਬ, ਇੰਡਸ ਤੇ ਜਿਹਲਮ ਦਾ ਪਾਣੀ ਰੋਕਦਾ ਹੈ ਤਾਂ ਇਸ ’ਤੇ ਯਕੀਨ ਪਾਕਿਸਤਾਨ ਆਪਣਾ ਵਿਰੋਧ ਦਰਜ ਕਰੇਗਾ। ਇਨ੍ਹਾਂ ਦਰਿਆਵਾਂ ਦਾ ਪਾਣੀ ਵਰਤਣਾ ਪਾਕਿਸਤਾਨ ਦਾ ਹੱਕ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਜਿਸ ਹਿੱਸੇ ਦਾ ਪਾਣੀ ਭਾਰਤ ਰੋਕ ਰਿਹਾ ਹੈ ਉਸ ਨਾਲ ਪਾਕਿਸਤਾਨ ਨੂੰ ਕੋਈ ਮਤਲਬ ਨਹੀਂ ਹੈ।