ਚੰਡੀਗੜ੍ਹ: ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 12 ਹਜ਼ਾਰ ਦੇ ਕਰੀਬ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਭਰ 'ਚ ਲਾਗੂ ਅੰਸ਼ਿਕ ਲੌਕਡਾਊਨ ਨੂੰ ਦੋ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਪਾਕਿਸਤਾਨ 'ਚ ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਲੌਕਡਾਊਨ 9 ਮਈ ਤਕ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਬੈਠਕ 'ਚ ਇਹ ਫੈਸਲਾ ਲਿਆ ਗਿਆ।


ਵਰਲਡੋਮੀਟਰ ਦੇ ਮੁਤਾਬਕ ਪਾਕਿਸਤਾਨ 'ਚ ਕੋਰੋਨਾ ਪੀੜਤ 18 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 253 ਹੋ ਗਿਆ ਹੈ। ਹੁਣ ਤਕ 2,755 ਲੋਕ ਠੀਕ ਹੋ ਚੁੱਕੇ ਹਨ। ਸ਼ੁੱਕਰਵਾਰ ਪਾਕਿਸਤਾਨ 'ਚ 883 ਨਵੇਂ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਪੀੜਤਾਂ ਦੇ ਕੁੱਲ ਮਾਮਲੇ 11,940 ਹੋ ਗਏ ਹਨ।


ਪਾਕਿਸਤਾਨੀ ਅਧਿਕਾਰੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਮਈ ਅੰਤ ਜਾਂ ਜੂਨ ਦੀ ਸ਼ੁਰੂਆਤ 'ਚ ਪੀੜਤਾਂ ਦੇ ਮਾਮਲੇ ਸਿਖਰ ਤੇ ਹੋਣਗੇ। ਸਰਕਾਰ ਨੇ ਇਕ ਟ੍ਰੈਕ ਤੇ ਟ੍ਰੇਸ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਜਿਸ ਤਹਿਤ ਕੁਝ ਦਿਨਾਂ 'ਚ ਲੋਕਾਂ ਦੀ ਤੁਰੰਤ ਜਾਂਚ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।


ਡੌਨ ਦੀ ਖ਼ਬਰ ਮੁਤਾਬਕ ਰਾਸ਼ਟਰੀ ਸਿਹਤ ਸੰਸਥਾ ਦੇ ਕਾਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਆਮਿਰ ਇਕਰਾਮ ਨੇ ਕਿਹਾ ਕਿ ਵਾਇਰਸ ਦੇ ਸਥਾਨਕ ਪੱਧਰ 'ਤੇ ਫੈਲਣ ਕਾਰਨ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਇਸ ਸੰਕਟ ਨਾਲ ਨਜਿੱਠਣ ਲਈ ਨੀਤੀ 'ਚ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਲੋਕਾਂ ਨੂੰ ਮਸਜਿਦਾਂ 'ਚ ਭੀੜ ਇਕੱਠੀ ਨਾ ਕਰਨ ਦੀ ਬਜਾਇ ਘਰਾਂ 'ਚ ਹੀ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਹੈ।


ਪਾਕਿਸਤਾਨ ਨੇ ਕੁਝ ਸ਼ਰਤਾਂ ਤਹਿਤ ਰਮਜ਼ਾਨ ਦੌਰਾਨ ਮਸਜਿਦਾਂ 'ਚ ਨਮਾਜ਼ ਅਦਾ ਕਰਨ ਦੀ ਆਗਿਆ ਦੇ ਦਿੱਤੀ ਹੈ ਜਿਸ ਕਾਰਨ ਕੋਰੋਨਾ ਦੇ ਪਸਾਰ 'ਤੇ ਵਿਰ੍ਹਾਮ ਲਾਉਣ ਦੇ ਯਤਨ ਫਿੱਕੇ ਪੈ ਸਕਦੇ ਹਨ।