Pakistan : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਭੀੜ ਵੱਲੋਂ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਘਟਨਾ ਸ਼ਨੀਵਾਰ ਦੀ ਹੈ। ਮ੍ਰਿਤਕ 'ਤੇ ਇੱਕ ਰੈਲੀ ਦੌਰਾਨ ਈਸ਼ਨਿੰਦਾ ਦਾ ਦੋਸ਼ ਸੀ। ਮੀਡੀਆ ਰਿਪੋਰਟਾਂ ਮੁਤਾਬਕ ਗੁੱਸੇ 'ਚ ਆਈ ਭੀੜ ਨੇ ਉਸ ਵਿਅਕਤੀ 'ਤੇ ਈਸ਼ਨਿੰਦਾ ਦਾ ਦੋਸ਼ ਲਾਉਂਦਿਆਂ ਉਸ ਦੀ ਹੱਤਿਆ ਕਰ ਦਿੱਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 


ਕਥਿਤ ਵੀਡੀਓ ਵਿੱਚ ਸੈਂਕੜੇ ਲੋਕਾਂ ਦੀ ਭੀੜ ਇੱਕ ਵਿਅਕਤੀ ਨੂੰ ਡੰਡਿਆਂ ਨਾਲ ਕੁੱਟ ਰਹੀ ਹੈ। ਮ੍ਰਿਤਕ ਮੁਸਲਿਮ ਵਿਦਵਾਨ ਦੱਸਿਆ ਜਾਂਦਾ ਹੈ, ਜਿਸ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਕ ਸੀ। 



ਇਸ ਘਟਨਾ ਬਾਰੇ ਲੇਖਕ ਹੈਰਿਸ ਸੁਲਤਾਨ ਨੇ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿੱਚ ਇਸਲਾਮ ਬਾਰੇ ਕੁਝ ਵੀ ਬੋਲਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਮਰਾਨ ਖਾਨ ਦੇ ਸਮਰਥਕ ਦੀ ਗੁੱਸੇ 'ਚ ਭੀੜ ਵਲੋਂ ਹੱਤਿਆ ਕੀਤੇ ਜਾਣ ਦੇ ਸਬੰਧ 'ਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਭੀੜ ਵਲੋਂ ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ, ਉਹ ਮੁਸਲਿਮ ਵਿਦਵਾਨ ਸੀ।






ਲੇਖਕ ਦੇ ਦਾਅਵੇ ਅਨੁਸਾਰ, ਮ੍ਰਿਤਕ ਦਾ ਇੱਕੋ ਇੱਕ ਗੁਨਾਹ ਇਹ ਹੈ ਕਿ ਉਸਨੇ ਜਨਤਕ ਤੌਰ 'ਤੇ ਇਕਬਾਲ ਕੀਤਾ ਕਿ ਉਹ "ਇਮਰਾਨ ਖਾਨ ਨੂੰ ਪੈਗੰਬਰ ਜਿੰਨਾ ਪਿਆਰ ਕਰਦਾ ਸੀ"। ਇਮਰਾਨ ਖਾਨ ਨੂੰ ਪਿਆਰ ਕਰਨ ਦੇ ਪਿੱਛੇ, ਉਸਨੇ ਤਰਕ ਦਿੱਤਾ ਕਿ ਪੀਟੀਈ ਮੁਖੀ ਇੱਕ ਬਹੁਤ ਈਮਾਨਦਾਰ ਵਿਅਕਤੀ ਹੈ। ਹੈਰਿਸ ਸੁਲਤਾਨ ਨੇ ਆਪਣੇ ਟਵੀਟ 'ਚ ਲਿਖਿਆ ਕਿ ਮੈਂ ਲਗਭਗ 5 ਸਾਲਾਂ ਤੋਂ ਕਹਿ ਰਿਹਾ ਹਾਂ ਕਿ ਲਿੰਚਿੰਗ ਦੀਆਂ ਅਜਿਹੀਆਂ ਘਟਨਾਵਾਂ ਵਧਣ ਵਾਲੀਆਂ ਹਨ। ਹੈਰਿਸ ਸੁਲਤਾਨ ਨੇ ਆਪਣੇ ਟਵੀਟ 'ਚ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਭੜਕੀ ਭੀੜ ਇਕ ਮੁਸਲਿਮ ਵਿਦਵਾਨ ਨੂੰ ਕੁੱਟ ਰਹੀ ਹੈ।



ਹੈਰਿਸ ਸੁਲਤਾਨ ਨੇ ਲਿਖਿਆ ਹੈ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਮ੍ਰਿਤਕ ਦੀ ਪਛਾਣ ਮੌਲਾਨਾ ਨਿਗਾਰ ਆਲਮ ਵਜੋਂ ਹੋਈ ਹੈ। ਉਨ੍ਹਾਂ ਨੇ ਇਸ ਘਟਨਾ ਦੀ ਅੱਗੇ ਆਲੋਚਨਾ ਕਰਦੇ ਹੋਏ ਕਿਹਾ ਕਿ ਇਕ ਸਾਧਾਰਨ ਟਿੱਪਣੀ ਵੀ ਪਾਕਿਸਤਾਨ ਵਿਚ ਤੁਹਾਡੀ ਜਾਨ ਲੈ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ, ਕੋਈ ਵੀ ਮੁਹੰਮਦ ਜਾਂ ਕਿਸੇ ਹੋਰ ਪੈਗੰਬਰ ਦਾ ਇਸ ਡਰ ਤੋਂ ਜ਼ਿਕਰ ਨਹੀਂ ਕਰੇਗਾ ਕਿ ਇਹ 'ਕੁਫ਼ਰ' ਮੰਨਿਆ ਜਾ ਸਕਦਾ ਹੈ।