ਲਾਹੌਰ: ਜੇਲ੍ਹ ਵਿੱਚ ਕੈਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਕੌਮੀ ਜਵਾਬਦੇਹੀ ਬਿਊਰੋ ਨੇ ਮਰੀਅਮ ਨਵਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਚੌਧਰੀ ਸ਼ੂਗਰ ਮਿੱਲਜ਼ ਮਾਮਲੇ ਵਿੱਚ ਅਣਦੱਸੀ ਜਾਇਦਾਦ ਰੱਖਣ ਦੇ ਇਲਜ਼ਾਮ ਹਨ।


ਪ੍ਰਾਪਤ ਜਾਣਕਾਰੀ ਮੁਤਾਬਕ ਮਰੀਅਮ ਨਵਾਜ਼ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੈਦ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਕੋਟ ਲਖਪਤ ਜੇਲ੍ਹ ਵਿੱਚ ਮਿਲਣ ਆਈ ਸੀ। ਉਸ ਨੂੰ ਉੱਥੇ ਹੀ ਗ੍ਰਿਫਤਾਰ ਕੀਤਾ ਗਇਆ। ਗ੍ਰਿਫ਼ਤਾਰੀ ਮਗਰੋਂ ਮਰੀਅਮ ਨੂੰ ਐਨਏਬੀ ਹੈੱਡਕੁਆਰਟਰ ਲਿਜਾਇਆ ਗਿਆ ਹੈ।


ਮਰੀਅਮ ਨੇ ਬੀਤੀ 31 ਜੁਲਾਈ ਨੂੰ ਐਨਏਬੀ ਸਨਮੁਖ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ ਸੀ। ਇਹ ਬਿਆਨ ਚੌਧਰੀ ਸ਼ੂਗਰ ਮਿਲ ਮਾਮਲੇ ਦੇ ਸ਼ੱਕੀ ਵਪਾਰਕ ਲੈਣ-ਦੇਣ ਸਬੰਧੀ ਸੀ। ਚੌਧਰੀ ਸ਼ੂਗਰ ਮਿਲ ਵਿੱਚ ਮਰੀਅਮ ਦੇ ਸਭ ਤੋਂ ਵੱਧ ਸ਼ੇਅਰ ਹਨ।

ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਸ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਸਭ ਪੀਐਮ ਇਮਰਾਨ ਖਾਨ ਦੇ ਘੁਮੰਡ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਕੋਈ ਐਕਸ਼ਨ ਲੈਣ ਦੀ ਬਜਾਏ ਇਮਰਾਨ ਖ਼ਾਨ ਸਾਡੇ ਦੇਸ਼ ਦੇ ਸਿਆਸਤਦਾਨਾਂ ਦੀਆਂ ਧੀਆਂ ਨੂੰ ਗ੍ਰਿਫ਼ਤਾਰ ਕਰ ਰਿਹਾ ਹੈ।