ਇਸਲਾਮਾਬਾਦ : ਕੌਮਾਂਤਰੀ ਪੱਧਰ ਉੱਤੇ ਦਹਿਸ਼ਤਵਾਦ ਨੂੰ ਲੈ ਕੇ ਪਾਕਿਸਤਾਨ ਦੀ ਹੋ ਰਹੀ ਅਲੋਚਨਾ ਦੇ ਕਾਰਨ ਨਵਾਜ਼ ਸ਼ਰੀਫ਼ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਖ਼ਾਸ ਤੌਰ ਉੱਤੇ ਮੁੰਬਈ ਹਮਲੇ ਦੇ ਦੋਸ਼ੀ ਹਾਫ਼ਿਜ਼ ਸਈਦ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ ਨਵਾਜ਼ ਦੀ ਪਾਰਟੀ ਹੀ ਉਹਨਾਂ ਦੀ ਅਲੋਚਨਾ ਕਰ ਰਹੀ ਹੈ। ਨਵਾਜ਼ ਦੀ ਪਾਰਟੀ ਪੀ. ਐੱਮ. ਐੱਲ. ਐੱਨ.ਦੇ ਸਾਂਸਦ ਰਾਣਾ ਮੁਹੰਮਦ ਅਫ਼ਜ਼ਲ ਨੇ ਕਿਹਾ, 'ਹਾਫ਼ਿਜ਼ ਅਤੇ ਹੋਰ ਦਹਿਸ਼ਤਗਰਦਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਿਉਂ ਨਹੀਂ ਹੁੰਦੀ। ਉਨ੍ਹਾਂ ਆਖਿਆ ਕਿ ਹਾਫ਼ਿਜ਼ ਸਈਦ ਅਜਿਹੇ ਕਿਹੜੇ ਆਂਡੇ ਦਿੰਦਾ ਹੈ, ਜਿਸ ਕਾਰਨ ਅਸੀਂ ਉਸ ਨੂੰ ਪਾਲ ਕੇ ਰੱਖਿਆ ਹੈ।'
ਰਾਣਾ ਮੁਹੰਮਦ ਅਫ਼ਜ਼ਲ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਆਖਿਆ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਦਾ ਹਾਲ ਇਹ ਹੋ ਗਿਆ ਹੈ ਕਿ ਅਸੀਂ ਅੱਜ ਤਕ ਹਾਫ਼ਿਜ਼ ਸਈਦ ਵਰਗੇ ਲੋਕਾਂ ਨੂੰ ਖ਼ਤਮ ਨਹੀਂ ਕਰ ਸਕੇ ਹਾਂ, ਜਿਸ ਕਾਰਨ ਪੂਰੀ ਦੁਨੀਆ 'ਚ ਬਦਨਾਮੀ ਹੋ ਰਹੀ ਹੈ। ਉਨ੍ਹਾਂ ਸਰਕਾਰ ਤੋਂ ਇਹਨਾਂ ਸੰਗਠਨਾਂ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ।
ਚਾਰੇ ਪਾਸੇ ਤੋਂ ਘਿਰੇ ਨਵਾਜ਼ ਸ਼ਰੀਫ਼ ਨੇ ਹੁਣ ਦਹਿਸ਼ਤਵਾਦ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਸ਼ਰੀਫ਼ ਨੇ ਸੈਨਾ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਦਹਿਸ਼ਤਵਾਦ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜੇਕਰ ਦਹਿਸ਼ਤਵਾਦ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਦੁਨੀਆ 'ਚ ਪਾਕਿ ਨੂੰ ਅਲੱਗ-ਥਲ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ।