ਨਵੀਂ ਦਿੱਲੀ: ਬਾਲਾਕੋਟ ਵਿੱਚ ਅੱਤਵਾਦੀ ਟਿਕਾਣਿਆਂ ਉੱਪਰ ਹੋਏ ਹਵਾਈ ਹਮਲਿਆਂ ਮਗਰੋਂ ਭਾਰਤ ਦੇ ਪਾਕਿਸਤਾਨ ਵਿੱਚ ਮਾਹੌਲ ਭਖ਼ਿਆ ਪਿਆ ਹੈ। ਪਾਕਿਸਤਾਨ ਨੇ ਜਿੱਥੇ ਫ਼ੌਜ ਦੀ ਤਾਇਨਾਤੀ ਕਰਨ ਤੇ ਪਰਮਾਣੂ ਹਥਿਆਰਾਂ ਦੀ ਦੇਖਰੇਖ ਕਰਨ ਵਾਲੀ ਸੰਸਥਾ ਨੈਸ਼ਨਲ ਕਮਾਂਡ ਦੀ ਬੈਠਕ ਸੱਦ ਲਈ ਹੈ। ਉੱਧਰ, ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਤਿੰਨੇ ਫ਼ੌਜਾਂ ਦੇ ਮੁਖੀਆਂ ਦੀ ਬੈਠਕ ਬੁਲਾਈ ਹੈ।


ਨੈਸ਼ਨਲ ਕਮਾਂਡ ਪਾਕਿਸਤਾਨੀ ਫ਼ੌਜ ਦਾ ਸਭ ਤੋਂ ਸਿਖਰਲਾ ਫ਼ੌਜੀ ਮੰਚ ਹੈ। ਇਸ ਮੰਚ ਰਾਹੀਂ ਦੇਸ਼ ਦੀ ਰੱਖਿਆ ਨੀਤੀ ਨਾਲ ਜੁੜੇ ਵੱਡੇ ਫੈਸਲੇ ਲਏ ਜਾਂਦੇ ਹਨ। ਐਨਸੀਏ ਦੇ ਫੈਸਲੇ ਮਗਰੋਂ ਹੀ ਪਾਕਿਸਤਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ। ਐਨਸੀਏ ਪਰਮਾਣੂ ਤੇ ਮਿਸਾਈਲ ਪ੍ਰੋਗਰਾਮ ਦੀ ਦੇਖਰੇਖ ਵੀ ਕਰਦਾ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਨੇ ਅੱਜ ਸੰਸਦ ਦਾ ਵਿਸ਼ੇਸ਼ ਇਜਲਾਸ ਵੀ ਸੱਦਿਆ ਹੈ। ਇਸ ਬੈਠਕ ਵਿੱਚ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਚੱਲ ਰਹੇ ਅੱਤਵਾਦੀ ਕੈਂਪਾ ਨੂੰ ਤਬਾਹ ਕਰ ਦਿੱਤਾ ਸੀ। ਇਸ ਏਅਰ ਸਟ੍ਰਾਈਕ ਵਿੱਚ ਤਕਰੀਬਨ 325 ਅੱਤਵਾਦੀ ਢੇਰ ਕੀਤੇ ਗਏ ਸਨ ਤੇ 20 ਤੋਂ ਵੱਧ ਸਿਖਲਾਈ ਦੇਣ ਵਾਲੇ ਟ੍ਰੇਨਰ ਵੀ ਮਾਰੇ ਗਏ ਸਨ।