Pakistan on Kartarpur Corridor: ਕਰਤਾਰਪੁਰ ਲਾਂਘੇ ਦੀ ਵਪਾਰਕ ਮੀਟਿੰਗਾਂ ਲਈ ਕਥਿਤ ਵਰਤੋਂ ਬਾਰੇ ਪਾਕਿਸਤਾਨ ਨੇ ਭਾਰਤ ਦੇ ਭੈੜੇ ਪ੍ਰਚਾਰ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਭਾਰਤ ਅਤੇ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਪਾਕਿਸਤਾਨ ਦੀ ਇਤਿਹਾਸਕ ਪਹਿਲਕਦਮੀ ਨੂੰ ਕਮਜ਼ੋਰ ਕਰਨ ਲਈ ਭਾਰਤ ਦੀ ਜਾਣਬੁੱਝ ਕੇ ਕੀਤੀ ਗਈ ਬਦਨਾਮੀ ਮੁਹਿੰਮ ਦਾ ਹਿੱਸਾ ਹੈ।"ਸ਼ਾਂਤੀ ਦੇ ਗਲਿਆਰੇ" ਨੂੰ ਬਦਨਾਮ ਕਰਨ ਅਤੇ ਦੁਨੀਆ ਦਾ ਧਿਆਨ ਆਪਣੀਆਂ ਘੱਟ ਗਿਣਤੀਆਂ, ਖਾਸ ਤੌਰ 'ਤੇ ਮੁਸਲਮਾਨਾਂ ਨਾਲ ਕੀਤੇ ਜਾ ਰਹੇ ਘੋਰ ਅਨਿਆਂ ਤੋਂ ਹਟਾਉਣ ਲਈ ਭਾਰਤ ਦੀ ਹਤਾਸ਼ ਕੋਸ਼ਿਸ਼ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਜਿਨ੍ਹਾਂ ਨੂੰ ਹਿੰਦੂ ਜ਼ਿਮੀਦਾਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 


ਪਾਕਿਸਤਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਅਤੇ ਹਰ ਭਾਈਚਾਰੇ ਦੇ ਸਤਿਕਾਰਯੋਗ ਸਥਾਨਾਂ ਦੀ ਪਵਿੱਤਰਤਾ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਹਾਲ ਹੀ 'ਚ ਪਾਕਿਸਤਾਨ ਨੇ ਇਕੱਲੇ ਭਾਰਤ ਤੋਂ 2000 ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੇਜ਼ਬਾਨੀ ਕੀਤੀ ਜੋ 12-21 ਅਪ੍ਰੈਲ 2022 ਤੱਕ ਆਯੋਜਿਤ ਸਾਲਾਨਾ ਵਿਸਾਖੀ ਤਿਉਹਾਰ ਵਿੱਚ ਹਿੱਸਾ ਲੈਣ ਲਈ ਆਏ ਸਨ। ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪਵਿੱਤਰ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਦੀ ਸਹੂਲਤ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਸਨ। ਵਿਸ਼ਵ ਭਰ ਦਾ ਸਿੱਖ ਭਾਈਚਾਰਾ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ, ਵਿਭਿੰਨਤਾ ਅਤੇ ਸਮਾਵੇਸ਼ ਲਈ ਪਾਕਿਸਤਾਨ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਾ ਰਿਹਾ ਹੈ।


ਸੂਤਰਾਂ ਤੋਂ ਮਿਲੀਆਂ ਖਬਰਾਂ ਮੁਤਾਬਕ ਪਾਕਿਸਤਾਨ ਵੱਲੋਂ ਪਵਿੱਤਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਗਲਤ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ 'ਤੇ ਪਾਕਿ ਖੁਫੀਆ ਏਜੰਸੀਆਂ ਦੇ ਅਧਿਕਾਰੀ ਮੌਜੂਦ ਹਨ। ਇਸ ਦੇ ਨਾਲ ਹੀ ਇਹ ਅਧਿਕਾਰੀ ਭਾਰਤ ਤੋਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨਾਲ ਵੀ ਸੰਪਰਕ ਕਰਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।



ਬਿਜ਼ਨੈੱਸ ਮੀਟਿੰਗਾਂ ਲਈ ਵਰਤਿਆ ਜਾ ਰਿਹਾ 
ਭਾਰਤ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਗਲਤ ਵਰਤੋਂ 'ਤੇ ਵੀ ਇਤਰਾਜ਼ ਉਠਾਇਆ ਗਿਆ ਸੀ। ਰੋਟਰੀ ਕਲੱਬ ਦੇ ਅਧਿਕਾਰੀਆਂ ਦੀ ਹਾਲ ਹੀ ਵਿੱਚ ਮੀਟਿੰਗ ਹੋਈ ਹੈ, ਜਿਸ ਵਿੱਚ ਇਸ ਦਾ ਵਿਰੋਧ ਕੀਤਾ ਗਿਆ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਕਰਤਾਰਪੁਰ ਲਾਂਘੇ ਦੀ ਵਰਤੋਂ ਵਪਾਰਕ ਮੀਟਿੰਗਾਂ ਲਈ ਵੀ ਕੀਤੀ ਜਾ ਰਹੀ ਹੈ। ਜਦੋਂ ਕਿ ਇਸ ਲਾਂਘੇ ਦਾ ਮਕਸਦ ਸਿਰਫ਼ ਤੇ ਸਿਰਫ਼ ਧਾਰਮਿਕ ਯਾਤਰਾ ਕਰਵਾਉਣਾ ਹੈ। ਇਸ ਦੇ ਬਾਵਜੂਦ ਕਾਰੋਬਾਰੀ ਮੀਟਿੰਗਾਂ 'ਤੇ ਪਾਬੰਦੀ ਨਹੀਂ ਲਾਈ ਜਾ ਰਹੀ ਹੈ। ਫਿਲਹਾਲ ਇਸ ਮਾਮਲੇ 'ਤੇ ਭਾਰਤ ਵੱਲੋਂ ਵੀ ਨਜ਼ਰ ਰੱਖੀ ਜਾ ਰਹੀ ਹੈ।