ਇਸਲਾਮਾਬਾਦ: ਭਾਰਤੀ ਰਾਸ਼ਟਰਪਤੀ ਤੋਂ ਬਾਅਦ ਹੁਣ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਹ ਰੋਕ ਲਿਆ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਵੀਆਈਪੀ ਉਡਾਣ ਲਈ ਲਾਂਘਾ ਦੇਣ ਦੀ ਭਾਰਤ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਮੋਦੀ ਨੇ ਆਉਣ ਵਾਲੇ ਦਿਨਾਂ ਵਿੱਚ ਜਰਮਨੀ ਹੋ ਕੇ ਅਮਰੀਕਾ ਜਾਣਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 21 ਸਤੰਬਰ ਨੂੰ ਜਰਮਨੀ ਜਾਣ ਸਮੇਂ ਅਤੇ 28 ਸਤੰਬਰ ਨੂੰ ਵਾਪਸੀ ਸਮੇਂ ਆਪਣੇ ਹਵਾਈ ਲਾਂਘੇ ਦੀ ਵਰਤੋਂ ਕਰਨ ਦੀ ਆਗਿਆ ਦੇ ਦੇਵੇ। ਪਾਕਿਸਤਾਨ ਨੇ ਭਾਰਤ ਦੀ ਅਪੀਲ ਮੰਨਣ ਤੋਂ ਨਾਂਹ ਕਰ ਦਿੱਤੀ ਹੈ।

ਕੁਰੈਸ਼ੀ ਨੇ ਦੱਸਿਆ ਕਿ ਇਸਲਾਮਾਬਾਦ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਪਾਕਿਸਤਾਨ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨ ਦੇ ਉਤੋਂ ਦੀ ਉਡਾਣ ਭਰਨ ਦੀ ਆਗਿਆ ਨਹੀਂ। ਇਹ ਖ਼ਬਰ ਜੀਓ ਟੈਲੀਵਿਜ਼ਨ ਨੇ ਦਿੱਤੀ ਹੈ। ਭਾਰਤ ਨੇ ਪਾਕਿ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਲਾਂਘਾ ਨਾ ਦੇਣ ਦੀ ਨਿਖੇਧੀ ਕੀਤੀ ਹੈ।