Pakistan Train Hijack News: ਪਾਕਿਸਤਾਨ ‘ਚ ਟ੍ਰੇਨ ਹਾਈਜੈਕ ਸੰਕਟ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਬਲੋਚ ਲਿਬਰੇਸ਼ਨ ਆਰਮੀ (BLA) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 100 ਤੋਂ ਵੱਧ ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ ਹੈ ਅਤੇ 150 ਤੋਂ ਵੱਧ ਲੋਕ ਹਾਲੇ ਵੀ ਉਨ੍ਹਾਂ ਦੇ ਕਬਜ਼ੇ ‘ਚ ਹਨ। ਉਥੇ ਹੀ, ਪਾਕਿਸਤਾਨੀ ਫੌਜ ਨੇ ਇਸ ਸੰਕਟ ਦੇ ਖਤਮ ਹੋਣ ਦਾ ਦਾਅਵਾ ਕੀਤਾ ਹੈ। ਫੌਜ ਮੁਤਾਬਕ, ਇਸ ਹਮਲੇ ‘ਚ 4 ਫੌਜੀ ਅਤੇ 21 ਨਾਗਰਿਕ ਮਾਰੇ ਗਏ ਹਨ, ਜਦਕਿ 33 BLA ਲੜਾਕੂਆਂ ਨੂੰ ਢੇਰ ਕੀਤਾ ਗਿਆ ਹੈ।


ਇਸ ਦਰਮਿਆਨ, ਸੋਸ਼ਲ ਮੀਡੀਆ ‘ਤੇ ਤਾਬੂਤਾਂ ਦੀਆਂ ਤਸਵੀਰਾਂ ਅਤੇ BLA ਵੱਲੋਂ ਜਾਰੀ ਕੀਤੇ ਇੱਕ ਵੀਡੀਓ ਨੇ ਪਾਕਿਸਤਾਨ ‘ਚ ਸੰਸਨੀ ਫੈਲਾ ਦਿੱਤੀ ਹੈ।



ਟ੍ਰੇਨ ਹਾਈਜੈਕ ਤੋਂ ਬਾਅਦ ਹੋਰ ਵੱਡੀ ਖਬਰ, ਪਾਕਿਸਤਾਨ ‘ਚ ਮਚੀ ਹਲਚਲ!


ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ 200 ਤੋਂ ਵੱਧ ਤਾਬੂਤ ਕਵੇਟਾ ਭੇਜੇ ਗਏ ਹਨ। ਰਿਪੋਰਟਾਂ ਮੁਤਾਬਕ, ਇਹ ਤਾਬੂਤ ਉਸੇ ਬੋਲਨ ਇਲਾਕੇ ‘ਚ ਭੇਜੇ ਗਏ ਹਨ, ਜਿੱਥੇ BLA ਦੇ ਆਤੰਕੀਆਂ ਨੇ ਟ੍ਰੇਨ ਹਾਈਜੈਕ ਕਰ ਰੱਖੀ ਹੈ।


ਇਸ ਘਟਨਾ ਤੋਂ ਬਾਅਦ ਪਾਕਿਸਤਾਨੀ ਸਰਕਾਰ ‘ਤੇ ਦਬਾਅ ਹੋਰ ਵੱਧ ਗਿਆ ਹੈ, ਕਿਉਂਕਿ ਹਾਈਜੈਕਰਾਂ ਨੇ ਬੰਧਕਾਂ ਵਿਚਕਾਰ ਸੁਸਾਇਡ ਬੌਂਬਰ ਬਿਠਾਏ ਹੋਏ ਹਨ, ਜਿਸ ਕਾਰਨ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ।


BLA ਦਾ ਅਲਟੀਮੇਟਮ ਕਾਊਂਟਡਾਊਨ


BLA ਵੱਲੋਂ ਪਾਕਿਸਤਾਨ ਸਰਕਾਰ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ ਹੁਣ ਕੁੱਝ ਘੰਟਿਆਂ ‘ਚ ਸਮਾਪਤ ਹੋਣ ਵਾਲਾ ਹੈ। ਇਸ ‘ਚ ਸਾਫ਼ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਬਲੋਚ ਰਾਜਨੀਤਿਕ ਕੈਦੀਆਂ ਨੂੰ ਰਿਹਾ ਨਾ ਕੀਤਾ ਗਿਆ ਅਤੇ ਫੌਜੀ ਓਪਰੇਸ਼ਨ ਨਹੀਂ ਰੋਕਿਆ ਗਿਆ, ਤਾਂ ਬੰਧਕਾਂ ਦੀ ਹੱਤਿਆ ਕਰ ਦਿੱਤੀ ਜਾਵੇਗੀ।


ਇਸੇ ਸੰਬੰਧ ‘ਚ BLA ਨੇ ਇਕ ਹੋਰ ਪ੍ਰੈਸ ਰਿਲੀਜ਼ ਜਾਰੀ ਕਰਕੇ ਸਰਕਾਰ ਨੂੰ ਆਪਣੀਆਂ ਸ਼ਰਤਾਂ ਯਾਦ ਦਿਵਾਈਆਂ ਹਨ। ਦੂਜੀ ਪਾਸੇ, BLA ਕਦੇ ਚਿੱਠੀ ਜਾਰੀ ਕਰ ਰਹੀ ਹੈ, ਕਦੇ ਆਡੀਓ ਮੈਸੇਜ ਭੇਜ ਰਹੀ ਹੈ, ਅਤੇ ਹੁਣ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਕਾਰਨ ਪਾਕਿਸਤਾਨ ‘ਚ ਹਲਚਲ ਮਚ ਗਈ ਹੈ।



ਹਾਈਜੈਕ ਤੋਂ ਬਾਅਦ ਪਹਿਲਾ ਵੀਡੀਓ ਸਾਹਮਣੇ ਆਇਆ


BLA ਵੱਲੋਂ ਜਾਰੀ ਕੀਤੇ ਵੀਡੀਓ ‘ਚ ਇਹ ਸਾਫ਼ ਦਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਪਹਾੜੀਆਂ ‘ਤੇ ਆਪਣੀ ਪੋਜ਼ੀਸ਼ਨ ਸੰਭਾਲੀ ਹੋਈ ਸੀ। ਜਿਵੇਂ ਹੀ ਪਾਕਿਸਤਾਨੀ ਫੌਜ ਦਾ ਓਪਰੇਸ਼ਨ ਸ਼ੁਰੂ ਹੋਇਆ, BLA ਨੇ ਤੁਰੰਤ ਟ੍ਰੇਨ ਨੂੰ ਹਾਈਜੈਕ ਕਰ ਲਿਆ। ਕੁਝ ਦੇਰ ਬਾਅਦ ਵੀਡੀਓ ‘ਚ ਜਾਫ਼ਰ ਐਕਸਪ੍ਰੈੱਸ ਪਟੜੀ ‘ਤੇ ਖੜੀ ਨਜ਼ਰ ਆਉਂਦੀ ਹੈ, ਜਿੱਥੇ BLA ਨੇ ਬੰਧਕਾਂ ਨੂੰ ਤਿੰਨ ਗਰੁੱਪਾਂ ‘ਚ ਵੰਡੀ ਦਿੱਤਾ – ਆਮ ਨਾਗਰਿਕ, ਪਾਕਿਸਤਾਨੀ ਫੌਜੀ, ਅਤੇ ISI ਏਜੰਟ।


ਇਸ ਦਰਮਿਆਨ, BLA ਨੇ ਉਹਨਾਂ ਪਾਕਿਸਤਾਨੀ ਫੌਜੀਆਂ ਦੀ ਚਿੱਠੀ ਵੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਕਬਜ਼ੇ ‘ਚ ਲਿਆ ਹੈ। ਇਸ ਚਿੱਠੀ ‘ਚ 180 ਫੌਜੀਆਂ ਦੇ ਨਾਮ, ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਵਾਊਚਰ ਨੰਬਰ ਦਰਜ ਹਨ।


ਪਾਕਿ ਫੌਜ ਦੇ ਦਾਅਵੇ ‘ਤੇ ਉਠੇ ਸਵਾਲ


ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 150 ਤੋਂ ਵੱਧ ਬੰਧਕਾਂ ਨੂੰ ਛੁਡਾ ਲਿਆ ਹੈ, ਪਰ ਰਿਪੋਰਟਾਂ ਮੁਤਾਬਕ ਹਕੀਕਤ ਇਹ ਹੈ ਕਿ ਆਮ ਯਾਤਰੀਆਂ ਨੂੰ ਖੁਦ BLA ਨੇ ਰਿਹਾ ਕੀਤਾ ਹੈ।


ਹਾਈਜੈਕ ਦੇ ਸਮੇਂ ਟ੍ਰੇਨ ‘ਚ 400-500 ਯਾਤਰੀ ਸਵਾਰ ਸਨ, ਪਰ BLA ਦੇ ਲੜਾਕੂ ਸਿਰਫ਼ ਪਾਕਿਸਤਾਨੀ ਫੌਜੀ ਅਤੇ ISI ਏਜੰਟਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਇਸ ਸਥਿਤੀ ਵਿੱਚ ਪਾਕਿ ਫੌਜ ਦੀ ਕਾਰਵਾਈ ਅਤੇ ਉਨ੍ਹਾਂ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜ੍ਹ ਰਹੇ ਹਨ। ਹੁਣ ਅਗਲੇ 24 ਘੰਟਿਆਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ, ਕਿਉਂਕਿ ਜੇਕਰ ਸਰਕਾਰ BLA ਦੀਆਂ ਸ਼ਰਤਾਂ ਨਹੀਂ ਮੰਨਦੀ, ਤਾਂ ਇਹ ਸੰਕਟ ਹੋਰ ਗਹਿਰਾ ਹੋ ਸਕਦਾ ਹੈ।