Agriculture News: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 'ਜੈਸੇ ਕੋ ਤੈਸਾ' ਨੀਤੀ ਤਹਿਤ ਦੂਜੇ ਦੇਸ਼ਾਂ ਉਪਰ ਥੋਪੇ ਜਾ ਰਹੇ ਮੋਟੇ ਟੈਰਿਫ ਭਾਰਤੀ ਖੇਤੀਬਾੜੀ ਨੂੰ ਵੀ ਤਬਾਹ ਕਰ ਸਕਦੇ ਹਨ। ਟਰੰਪ ਕੈਨੇਡਾ, ਚੀਨ ਤੇ ਮੈਕਸੀਕੋ ਉਪਰ ਟੈਰਿਫ ਲਾ ਚੁੱਕੇ ਹਨ ਤੇ ਭਾਰਤ ਉਪਰ ਵੀ ਟੈਰਿਫ ਵਧਾਉਣ ਦਾ ਐਲਾਨ ਕੀਤਾ ਹੋਇਆ ਹੈ। ਅਮਰੀਕਾ ਦੇ ਹਮਲਾਵਰ ਰੁਖ ਨੂੰ ਵੇਖਦਿਆਂ ਭਾਰਤ ਸਣੇ ਕਈ ਦੇਸ਼ਾਂ ਨੇ ਟੈਰਿਫ ਘਟਾਉਣੇ ਵੀ ਸ਼ੁਰੂ ਕਰ ਦਿੱਤੇ ਹਨ।
ਬੇਸ਼ੱਕ ਅਜੇ ਤੱਕ ਇਹੀ ਚਰਚਾ ਹੋ ਰਹੀ ਹੈ ਕਿ ਟੈਰਿਫ ਵਾਰ ਨਾਲ ਭਾਰਤ ਦੇ ਵੱਖ-ਵੱਖ ਉਦਯੋਗਿਕ ਸੈਕਟਰ ਕਿੰਨੇ ਪ੍ਰਭਾਵਿਤ ਹੋਣਗੇ ਪਰ ਇਸ ਦਾ ਖੇਤੀਬਾੜੀ ਉਪਰ ਕੀ ਅਸਰ ਪਵੇਗਾ , ਇਸ ਦਾ ਅੰਦਾਜਾ ਕੋਈ ਨਹੀਂ ਲਾ ਰਿਹਾ। ਖੇਤੀਬਾੜੀ ਮਾਹਿਰਾਂ ਨੇ ਖਦਸ਼ਾ ਜਤਾਇਆ ਹੈ ਕਿ ਟੈਰਿਫ ਵਾਰ ਦਾ ਸਭ ਤੋਂ ਵੱਡਾ ਅਸਰ ਭਾਰਤ ਦੀ ਖੇਤੀਬਾੜੀ ਉਪਰ ਹੀ ਪਵੇਗਾ। ਚਾਹੇ ਅਮਰੀਕਾ ਟੈਰਿਫ ਵਧਾਏ ਤੇ ਚਾਹੇ ਭਾਰਤ ਟੈਰਿਫ ਘਟਾਏ, ਦੋਵਾਂ ਸ਼ਰਤਾਂ ਵਿੱਚ ਹੀ ਭਾਰਤੀ ਖੇਤੀਬਾੜੀ ਪ੍ਰਭਾਵਿਤ ਹੋਏਗੀ।
ਦਰਅਸਲ, ਭਾਰਤ ਵੱਲੋਂ ਆਪਣੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਉਪਰ ਮੋਟੇ ਟੈਰਿਫ ਲਾਏ ਹੋਏ ਹਨ। ਇਸ ਨਾਲ ਦੇਸ਼ ਦੇ ਉਤਪਾਦ ਕੌਮਾਂਤਰੀ ਮੁਕਾਬਲੇ ਤੋਂ ਬਚੇ ਰਹਿੰਦੇ ਹਨ। ਹੁਣ ਅਮਰੀਕਾ ਦੇ ਡਰੋਂ ਜੇਕਰ ਭਾਰਤ ਟੈਰਿਫ ਘਟਾਉਂਦਾ ਹੈ ਕਿ ਭਾਰਤੀ ਖੇਤੀ ਉਤਪਾਦ ਕੌਮਾਂਤਰੀ ਉਤਪਾਦਾਂ ਦਾ ਮੁਕਾਬਲਾ ਨਹੀਂ ਕਰ ਪਾਉਣਗੇ। ਮਿਸਾਲ ਵਜੋਂ ਟੈਰਿਫ ਘਟਣ ਨਾਲ ਅਮਰੀਕਾ ਤੋਂ ਸਸਤਾ ਅਨਾਜ ਮੰਗਵਾਇਆ ਜਾ ਸਕੇਗਾ ਜਿਸ ਨਾਲ ਭਾਰਤੀ ਆਨਾਜ ਦੀ ਕੀਮਤ ਵੀ ਘਟ ਜਾਏਗੀ।
ਅਮਰੀਕਾ ਭਾਰਤ ਤੋਂ ਬਾਸਮਤੀ ਚੌਲ, ਸ਼ੂਗਰ, ਕਾਟਨ, ਮਸਾਲਾ ਤੇ ਚਾਹ ਮੰਗਵਾਉਂਦਾ ਹੈ। ਟੈਰਿਫ ਵਧਣ ਨਾਲ ਇਹ ਉਤਪਾਦ ਮਹਿੰਗੇ ਹੋ ਜਾਣਗੇ। ਇਸ ਲਈ ਇਨ੍ਹਾਂ ਦਾ ਖਪਤ ਅਮਰੀਕਾ ਵਿੱਚ ਘਟ ਸਕਦੀ ਹੈ। ਇਸੇ ਤਰ੍ਹਾਂ ਭਾਰਤ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਐਗਰੀ ਪ੍ਰੋਡਕਟ, ਸੁੱਕੇ ਮੇਵੇ ਤੇ ਫਲ ਮੰਗਵਾਉਂਦਾ ਹੈ। ਜੇਕਰ ਭਾਰਤ ਇਨ੍ਹਾਂ ਚੀਜ਼ਾਂ ਉਪਰ ਟੈਰਿਫ ਘਟਾਉਂਦਾ ਹੈ ਤਾਂ ਇਹ ਭਾਰਤੀ ਉਤਪਾਦਾਂ ਨਾਲੋਂ ਸਸਤੀਆਂ ਹੋ ਸਕਦੀਆਂ ਹਨ। ਅਜਿਹੇ ਵਿੱਚ ਭਾਰਤੀ ਉਤਪਾਦਾਂ ਦੇ ਰੇਟ ਵੀ ਘਟ ਸਕਦੇ ਹਨ।
ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਠਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਬਰਾਬਰ ਟੈਕਸ ਲਾਉਣ ਨਾਲ ਬਣੀ ਸਥਿਤੀ ਦੇ ਮੱਦੇਨਜ਼ਰ ਭਾਰਤ ਵਿੱਚ ਗਲਤ ਢੰਗ ਨਾਲ ਸੇਬਾਂ ਦੀ ਬਰਾਮਦ ਕੀਤੀ ਜਾ ਰਹੀ ਹੈ। ਇਸ ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਗੰਭੀਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
ਸੰਧਵਾਂ ਨੇ ਕਿਹਾ ਕਿ ਅਮਰੀਕਾ ਨਾਲ ਸਾਰੇ ਵਪਾਰਕ ਸਬੰਧਾਂ ਵਿੱਚ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਦੀ ਰਾਖੀ ਲਈ ਕਿਸਾਨ-ਪੱਖੀ ਵਪਾਰਕ ਸਮਝੌਤਿਆਂ ਦੀ ਲੋੜ ਹੈ। ਉਨ੍ਹਾਂ ਭਾਰਤੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਭੰਡਾਰਨ ਸਹੂਲਤਾਂ ਦੇ ਆਧੁਨਿਕੀਕਰਨ, ਸੁਚਾਰੂ ਆਵਾਜਾਈ ਤੇ ਮਾਰਕੀਟ ਪਹੁੰਚ ਦੇ ਨਜ਼ਰੀਏ ਤੋਂ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਨਹੀਂ ਦਿੰਦੀ ਤਾਂ ਸਾਡੇ ਲਈ ਰੋਜ਼ੀ-ਰੋਟੀ ਦੇ ਨਾਲ-ਨਾਲ ਆਪਣੀ ਪੀੜ੍ਹੀਆਂ ਦੀ ਖੇਤੀਬਾੜੀ ਵਿਰਾਸਤ ਨੂੰ ਗੁਆਉਣ ਦਾ ਖ਼ਤਰਾ ਸਾਹਮਣੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਉਤਪਾਦਾਂ ਦੀ ਸਸਤੀ ਦਰਾਮਦ ਕੁਝ ਵਪਾਰੀਆਂ ਨੂੰ ਲਾਭ ਕਿਸਾਨਾਂ ਦਾ ਜੀਵਨ ਤਬਾਹ ਹੋ ਜਾਵੇਗਾ।